ਜਗਮੋਹਨ ਸਿੰਘ
ਰੂਪਨਗਰ, 27 ਅਪਰੈਲ
ਮੁੱਖ ਅੰਸ਼
- ਕੇਸ ਦੀ ਫਾਈਲ ਹਾਈ ਕੋਰਟ ’ਚ ਹੋਣ ਕਰਕੇ ਨਹੀਂ ਕੀਤੀ ਪੁੱਛ-ਪੜਤਾਲ
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕਥਿਤ ਤੌਰ ’ਤੇ ਭੜਕਾਊ ਬਿਆਨ ਦੇਣ ਦੇ ਕੇਸ ’ਚ ਤਲਬ ਕਾਂਗਰਸ ਆਗੂ ਅਲਕਾ ਲਾਂਬਾ ਅੱਜ ਥਾਣਾ ਸਦਰ ਰੂਪਨਗਰ ਵਿੱਚ ਪੇਸ਼ ਹੋਈ। ਇਸ ਦੌਰਾਨ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਐੱਸਐੈੱਸਪੀ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲੀਸ ਨੇ ਸਦਰ ਥਾਣੇ ਵਿੱਚ ਕਾਂਗਰਸੀ ਆਗੂ ਦੀ ਹਾਜ਼ਰੀ ਲਗਾ ਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਕਿਉਂਕਿ ਇਸ ਸਬੰਧੀ ਕੇਸ ਦੀ ਫਾਈਲ ਪੰਜਾਬ ਹਰਿਆਣਾ ਹਾਈ ਕੋਰਟ ’ਚ ਹੈ ਜੋ ‘ਆਪ’ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ ਜਿਨ੍ਹਾਂ ਖ਼ਿਲਾਫ਼ ਰੂਪਨਗਰ ਦੇ ਸਦਰ ਪੁਲੀਸ ਥਾਣੇ ’ਚ 12 ਅਪਰੈਲ ਨੂੰ ਕੇਸ ਕੀਤਾ ਗਿਆ ਹੈ। ਪੁਲੀਸ ਨੇ ਅਲਕਾ ਲਾਂਬਾ ਨੂੰ ਕਿਹਾ ਕਿ ਉਸ ਨੇ ਕਿਸੇ ਹੋਰ ਤਰੀਕ ’ਤੇ ਤਲਬ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ’ਤੇ ਵੱਖਵਾਦੀਆਂ ਦੀ ਹਮਾਇਤ ਕਰਨ ਦੇ ਦੋਸ਼ ਲਾਇਆ ਸੀ ਜਿਸ ਦੀ ਲਾਂਬਾ ਨੇ ਹਮਾਇਤ ਕੀਤੀ ਸੀ।
ਇਸ ਤੋਂ ਪਹਿਲਾਂ ਕਾਂਗਰਸ ਵਰਕਰਾਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ‘ਆਪ’ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਜਿੰਦਰ ਰੰਧਾਵਾ, ਰਾਜ ਕੁਮਾਰ ਚੱਬੇਵਾਲ, ਸੁਖਬਿੰਦਰ ਸਰਕਾਰੀਆ, ਤ੍ਰਿਪਤ ਰਾਜਿੰਦਰ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਬਲਬੀਰ ਸਿੱਧੂ, ਗੁਰਕੀਰਤ ਕੋਟਲੀ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ। ਵੜਿੰਗ ਨੇ ਸੂਬਾ ਸਰਕਾਰ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ਹਿ ’ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੁਲੀਸ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਸਾਡੀ ਭੈਣ (ਲਾਂਬਾ) ਖ਼ਿਲਾਫ਼ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’’ ਧਰਨੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੁਰਪਤਵੰਤ ਸਿੰਘ ਪਨੂੰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦੀ ਜਾਂਚ ਕਰੇ ਜਾਂ ਫਿਰ ਅਲਕਾ ਲਾਂਬਾ ਵਿਰੁੱਧ ਦਰਜ ਕੀਤੇ ਪਰਚੇ ਨੂੰ ਤੁਰੰਤ ਰੱਦ ਕਰੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਗੁਰਪਤਵੰਤ ਸਿੰਘ ਪਨੂੰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਿੱਖ ਫਾਰ ਜਸਟਿਸ ਦੇ ਨਾਂ ਉੱਤੇ ‘ਆਪ’ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ ਅਤੇ ਇਹ ਪੈਸਾ ਪਾਰਟੀ ਵੱਲੋਂ ਹਰਿਆਣਾ, ਹਿਮਾਚਲ ਅਤੇ ਗੁਜਰਾਤ ਚੋਣਾਂ ਵਿੱਚ ਵਰਤਿਆ ਜਾਵੇਗਾ, ਪਰ ਦੂਜੇ ਪਾਸੇ ਸੱਚਾਈ ਉਜਾਗਰ ਕਰਨ ਵਾਲੀ ਇੱਕ ਔਰਤ ਦੀ ਆਵਾਜ਼ ਨੂੰ ਸਿਟ ਬਣਾ ਕੇ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਧਰ ਵੱਖਰੇ ਤੌਰ ’ਤੇ ਪੁੱਜੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਰਫ਼ ਇਲੈਕਟ੍ਰਾਨਿਕ ਮੀਡੀਆ ਨਾਲ ਗੱਲਬਾਤ ਕਰਨ ਉਪਰੰਤ ਪਰਤ ਗਏ। ਸਿੱਧੂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਨੇ ਪੀਲੀ ਪੱਗ ਬੰਨ੍ਹ ਕੇ ਪੰਜਾਬ ਨੂੰ ਗੁਲਾਮ ਬਣਾ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ,‘‘ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੈ, ਪਰ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਦੇ ਸੰਤਰੀ ਬਣ ਕੇ ਰਹਿ ਗਏ ਹੋ।’’ ਉਨ੍ਹਾਂ ਕਿਹਾ ਕਿ ਦਿੱਲੀ ਦੇ ਬਦਲੇ ਪੰਜਾਬ ਪੁਲੀਸ ਦੀ ਸਹਾਇਤਾ ਨਾਲ ਨਬਿੇੜੇ ਜਾ ਰਹੇ ਹਨ। ਧਰਨੇ ਦੀ ਸਮਾਪਤੀ ਤੋਂ ਬਾਅਦ ਪਾਰਟੀ ਵਰਕਰ ਨਾਅਰੇਬਾਜ਼ੀ ਕਰਦੇ ਹੋਏ ਜ਼ਿਲ੍ਹਾ ਕੰਪਲੈਕਸ ਦੇ ਮੁੱਖ ਗੇਟ ਅੱਗੇ ਪੁਲੀਸ ਵੱਲੋਂ ਲਗਾਈਆਂ ਰੋਕਾਂ ਪਾਰ ਕਰ ਕੇ ਐੱਸਐੱਸਪੀ ਦਫ਼ਤਰ ਤੱਕ ਪੁੱਜ ਗਏ। ਅੰਦਰ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਦੌਰਾਨ ਦਫ਼ਤਰ ਦੇ ਮੁੱਖ ਗੇਟ ਦਾ ਸ਼ੀਸ਼ਾ ਵੀ ਟੁੱਟ ਗਿਆ। ਇਸ ਮਗਰੋਂ ਪੁਲੀਸ ਵੱਲੋਂ ਅਲਕਾ ਲਾਂਬਾ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਕੁਝ ਹੋਰ ਆਗੂਆਂ ਨੂੰ ਐੱਸਐੱਸਪੀ ਦਫ਼ਤਰ ਜਾਣ ਦੀ ਆਗਿਆ ਦਿੱਤੀ ਗਈ। ਕਰੀਬ ਇੱਕ ਘੰਟੇ ਦੀ ਉਡੀਕ ਮਗਰੋਂ ਦਫ਼ਤਰ ਪਹੁੰਚੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਅਲਕਾ ਲਾਂਬਾ ਨੂੰ ਕਿਹਾ ਕਿ ਇਸ ਕੇਸ ਨਾਲ ਸਬੰਧਤ ਫਾਈਲ ਹਾਈ ਕੋਰਟ ਚਲੀ ਗਈ ਹੈ ਅਤੇ ਉਹ ਸਦਰ ਥਾਣੇ ਜਾ ਕੇ ਆਪਣੀ ਹਾਜ਼ਰੀ ਲਗਵਾ ਲੈਣ। ਜਦੋਂ ਵੜਿੰਗ ਨੇ ਇੱਥੇ ਹੀ ਹਾਜ਼ਰੀ ਲਵਾਉਣ ਲਈ ਕਿਹਾ ਤਾਂ ਐੱਸਐੱਸਪੀ ਨੇ ਕਿਹਾ ਕਿ ਸਿਟ ਟੀਮ ਸਦਰ ਥਾਣੇ ਵਿੱਚ ਹੈ, ਜਿਸ ਕਰਕੇ ਹਾਜ਼ਰੀ ਉੱਥੇ ਹੀ ਲੱਗੇਗੀ। ਇਸ ਮਗਰੋਂ ਅਲਕਾ ਲਾਂਬਾ ਸਦਰ ਥਾਣੇ ਜਾ ਕੇ ਆਪਣੀ ਹਾਜ਼ਰੀ ਲਗਵਾ ਕੇ ਵਾਪਸ ਆ ਗਏ।
ਪੁਲੀਸ ਨੂੰ ਜਾਂਚ ਦੇ ਆਦੇਸ਼ ਦਿੱਲੀ ਤੋਂ ਮਿਲੇ: ਅਲਕਾ ਲਾਂਬਾ
ਕਾਂਗਰਸ ਆਗੂ ਅਲਕਾ ਲਾਂਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਨੂੰ ਜਾਂਚ ਕਰਨ ਦੇ ਆਦੇਸ਼ ਦਿੱਲੀ ਤੋਂ ਆਏ ਹਨ ਪਰ ਕੀ ਜਾਂਚ ਕਰਨੀ ਹੈ ਅਤੇ ਕੀ ਸਵਾਲ ਪੁੱਛਣੇ ਹਨ, ਇਸ ਬਾਰੇ ਦਿੱਲੀ ਤੋਂ ਕੋਈ ਹੁਕਮ ਨਹੀਂ ਆਇਆ। ਉਨ੍ਹਾਂ ਕਿਹਾ,‘‘ਮੈਂ ਇਨ੍ਹਾਂ (ਕੇਜਰੀਵਾਲ) ਨਾਲ ਪੰਜ ਸਾਲ ਸੱਤਾ ਵਿੱਚ ਰਹੀ ਹਾਂ ਅਤੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਉਨ੍ਹਾਂ ਦੀ ਹਕੀਕਤ ਜਾਣਦੀ ਹਾਂ। ਇਸੇ ਕਰਕੇ ਵਿਧਾਇਕੀ ਛੱਡ ਕੇ ਉਨ੍ਹਾਂ ਨੂੰ ਬੇਨਕਾਬ ਕਰਦੀ ਆਈ ਹਾਂ ਤੇ ਭਵਿੱਖ ਵਿੱਚ ਵੀ ਬੇਨਕਾਬ ਕਰਦੀ ਰਹਾਂਗੀ।’’ ਅਲਕਾ ਨੇ ਕਿਹਾ ਕਿ ਜਿਸ ਬਿਆਨ ਲਈ ਉਨ੍ਹਾਂ ਖ਼ਿਲਾਫ਼ ਐੱਫਆਈਆਰ ਹੋਈ ਹੈ, ਉਹ ਇਹ ਪੂਰੇ ਸਬੂਤਾਂ ਨਾਲ ਮੁੜ ਆਖੇਗੀ।