ਚਰਨਜੀਤ ਭੁੱਲਰ
ਚੰਡੀਗੜ੍ਹ, 20 ਨਵੰਬਰ
ਕਿਸਾਨ ਮੇਜਰ ਸਿੰਘ ਲਈ ਏਹ ਸੁਭਾਗੀ ਘੜੀ ਤਾਂ ਬਿਲਕੁਲ ਹੈ ਪਰ ਉਸ ਦੀ ਨਾਲੇ ਅੜੀ ਵੀ ਹੈ ਕਿ ਇੰਝ ਪਿੰਡ ਨਹੀਂ ਮੁੜਾਂਗੇ| ਕਰੀਬ ਵਰ੍ਹਾ ਪਹਿਲਾਂ ਜਦੋਂ ਇਹ ਕਿਸਾਨ ਦਿੱਲੀ ਘੋਲ ’ਚ ਪੁੱਜਾ ਤਾਂ ਪਿੰਡ ਨੂੰ ਪਿੱਛੇ ਜ਼ੁਬਾਨ ਦੇ ਆਇਆ, ‘ਖਾਲੀ ਝੋਲੀ ਲੈ ਕੇ ਨਹੀਂ ਮੁੜਾਂਗਾ।’ ਪਰਿਵਾਰ ’ਚ ਕਿੰਨੇ ਮੌਕੇ ਖੁਸ਼ੀ ਗਮੀ ਦੇ ਆਏ, ਉਹ ਸਿਦਕੋਂ ਨਾ ਹਾਰਿਆ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ| ਪਿੰਡੋਂ ਫੋਨ ਖੜਕ ਪਏ ਕਿ ਹੁਣ ਤਾਂ ਪਿੰਡ ਮੁੜ ਆ| ਉਸ ਦਾ ਕਹਿਣਾ ਸੀ ਕਿ ‘ਕੋਈ ਲਿਖਤ ਤਾਂ ਹੱਥ ’ਚ ਆ ਜਾਏ, ਖ਼ਾਲੀ ਹੱਥ ਨਹੀਂ ਜਾਣਾ|’
ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਦਾ ਕਿਸਾਨ ਮੇਜਰ ਸਿੰਘ ਵੀ ਪਿੰਡ ਨੂੰ ਦਿੱਤੇ ਬੋਲ ਪੁਗਾ ਰਿਹਾ ਹੈ| 26 ਨਵੰਬਰ 2020 ਨੂੰ ਦਿੱਲੀ ਮੋਰਚੇ ’ਚ ਡਟ ਗਿਆ, ਮੁੜ ਪਿਛਾਂਹ ਨਹੀਂ ਦੇਖਿਆ। ਬਠਿੰਡਾ ਦੇ ਪਿੰਡ ਚੁੱਘੇ ਕਲਾਂ ਦਾ ਕਿਸਾਨ ਯਾਦਵਿੰਦਰ ਸਿੰਘ ਘਰੋਂ ਟਰਾਲੀ ’ਚ ਬੈਠ ਕੇ ਜਦੋਂ ਦਿੱਲੀ ਵੱਲ ਤੁਰਿਆ, ਪਰਿਵਾਰ ਨੂੰ ਘਰੋਂ ਆਖ ਆਇਆ, ‘ਇਸੇ ਟਰਾਲੀ ’ਚ ਮੁੜਾਂਗੇ, ਜਿੱਤ ਕੇ ਜਾਂ ਫਿਰ ਲਾਸ਼ ਬਣ ਕੇ|’
ਪਿਛੇ ਪਤਨੀ ਪਰਮਿੰਦਰ ਕੌਰ ਬਿਮਾਰ ਰਹੀ ਤੇ ਹਸਪਤਾਲ ਦਾਖ਼ਲ ਕਰਾਉਣਾ ਪਿਆ| ਉਸ ਨੇ ਪਤੀ ਨੂੰ ਆਪਣੀ ਬਿਮਾਰੀ ਦੀ ਭਿਣਕ ਨਾ ਪੈਣ ਦਿੱਤੀ| ਯਾਦਵਿੰਦਰ ਹੁਣ ਕਿਸਾਨ ਘੋਲ ਦੀ ਜਿੱਤ ਦਾ ਸਿਹਰਾ ਆਪਣੀ ਪਤਨੀ ਸਿਰ ਬੰਨ੍ਹ ਰਿਹਾ ਸੀ| ਇਸ ਕਿਸਾਨ ਦਾ ਬਚਪਨ ’ਚ ਪਿਤਾ ਫੌਤ ਹੋ ਗਿਆ ਤੇ ਮਗਰੋਂ ਮਾਂ ਵੀ ਚਲ ਵਸੀ| ਖੁਦ ਦਿੱਲੀ ਬੈਠਾ ਰਿਹਾ, ਪਿਛੇ ਪਰਿਵਾਰ ’ਚ ਪਤਨੀ ਤੇ ਪੁੱਤ ਇਕਲਾਪੇ ਦੀ ਜੰਗ ਲੜਦੇ ਰਹੇ| ਇਸ ਕਿਸਾਨ ਦੀ ਤਪੱਸਿਆ ਵੀ ਧੰਨੇ ਭਗਤ ਨਾਲੋਂ ਘੱਟ ਨਹੀਂ ਜਾਪਦੀ| ਇਵੇਂ ਹੀ ਮੁਕਤਸਰ ਦੇ ਪਿੰਡ ਥਾਂਦੇਵਾਲ ਦਾ ਗਗਨ ਗੱਗਾ ਘਰੇ ਜਿੰਦਰਾ ਮਾਰ ਦਿੱਲੀ ਮੋਰਚੇ ’ਚ ਡਟ ਗਿਆ| ਮਾਪਿਆਂ ਦਾ ਸਿਰ ਤੋਂ ਸਾਇਆ ਉੱਠ ਗਿਆ| ਸੱਤ ਕਨਾਲ਼ਾਂ ਜ਼ਮੀਨ ਵੀ ਹੱਥੋਂ ਖਿਸਕ ਨਾ ਜਾਏ, ਕਿਸਾਨ ਅੰਦੋਲਨ ‘ਚ ਕੁੱਦ ਪਿਆ| ਕੋਟਲੀ ਅਬਲੂ ਦੇ ਜਗਰੂਪ ਸਿੰਘ ਦਾ ਸਿਰੜ ਛੋਟਾ ਨਹੀਂ| ਪਤਨੀ ਨੂੰ ਸ਼ੂਗਰ ਹੈ, ਘਰ ਜਵਾਨ ਧੀ ਬੈਠੀ ਹੈ, ਖੁਦ ਪੋਲੀਓ ਤੋਂ ਪੀੜਤ ਹੈ, ਹੌਸਲਾ ਨੌਂ ਬਰ ਨੌਂ ਸੀ| ਢਾਈ ਏਕੜ ਜ਼ਮੀਨ ਦਾ ਮਾਲਕ ਹੁਣ ਮੋਦੀ ਤੋਂ ਲਿਖਤ ਚਾਹੁੰਦਾ ਹੈ|
ਲੁਧਿਆਣਾ ਦਾ 20 ਸਾਲਾ ਯੁਵਰਾਜ ਸਿੰਘ ਸਾਲ ਭਰ ਤੋਂ ਦਿੱਲੀ ਬੈਠਾ ਹੈ| ਗਰਮੀ-ਸਰਦੀ ਤੇ ਹਕੂਮਤੀ ਝੱਖੜ ਵੀ ਉਸ ਨੇ ਪਿੰਡੇ ਝੱਲੇ ਨੇ| ਜਦੋਂ ਘਰੋਂ ਤੁਰਿਆ ਤਾਂ ਪ੍ਰਣ ਕੀਤਾ ਕਿ ਰੋਟੀ ਨਹੀਂ ਖੋਹਣ ਦਿਆਂਗੇ| ਉਹ ਆਖਦਾ ਹੈ ਕਿ ਕਿਰਤੀ ਲੋਕਾਂ ਦੇ ਸਿਰ ਜੁੜੇ ਹੋਣ, ਉਹ ਕਿਵੇਂ ਘਰ ਜਾ ਸਕਦਾ ਸੀ| ਦੱਸਦਾ ਹੈ ਕਿ ਮਸੇਰ ਦਾ ਵਿਆਹ ਆਇਆ, ਛੋਟੀ ਗੱਲ ਜਾਪਿਆ| ਦਾਦੀ ਦੀ ਮੌਤ ਹੋ ਗਈ, ਪਿੰਡ ਨਹੀਂ ਗਿਆ| ਕਿਉਂ ਨਹੀਂ ਗਿਆ, ਜੁਆਬ ਦਿੱਤਾ, ‘ਜੰਗ ‘ਚ ਕੌਣ ਘਰ ਜਾਂਦੈ|’ ਸੈਂਕੜੇ ਕਿਸਾਨ ਦਿੱਲੀ ਇਸੇ ਸਿਰੜ ਨਾਲ ਬੈਠੇ ਹਨ|