ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਜੂਨ
ਕਮਿਸ਼ਨਰੇਟ ਪੁਲੀਸ ਦੇ 500 ਜਵਾਨਾਂ ਨੂੰ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਵੱਲੋਂ ਮੁਫ਼ਤ ਵਿੱਚ ਡਿਜੀਟਲ ਫਿਟਨੈੱਸ ਘੜੀਆਂ ਦਿੱਤੀਆਂ ਜਾਣਗੀਆਂ। ਖ਼ਾਸ ਕਿਸਮ ਦੀਆਂ ਇਹ ਘੜੀ ਗੁੱਟ ’ਤੇ ਬੰਨ੍ਹਣ ਨਾਲ ਬੰਦੇ ਦੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਤੇ ਨੀਂਦ ਨਾ ਆਉਣ ਦੀ ਸਮੱਸਿਆ ਬਾਰੇ ਚੌਕਸ ਕਰੇਗੀ। ਕਮਿਸ਼ਨਰੇਟ ਪੁਲੀਸ ਦੇ ਅਧਿਕਾਰੀਆਂ ਨੇ ਇਹ ਘੜੀਆਂ ਅਕਸ਼ੈ ਕੁਮਾਰ ਵੱਲੋਂ ਦਿੱਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਪੰਜਾਬ ਪੁਲੀਸ ਦੇ ਉਨ੍ਹਾਂ ਜਵਾਨਾਂ ਦੇ ਗੁੱਟਾਂ ’ਤੇ ਇਹ ਘੜੀਆਂ ਬੱਝਣਗੀਆਂ ਜਿਹੜੇ 45 ਸਾਲ ਤੋਂ ਵੱਧ ਉਮਰ ਦੇ ਹਨ। ਇਹ ਇੱਕ ਤਰ੍ਹਾਂ ਤੋਹਫ਼ੇ ਦੇ ਰੂਪ ਵਿੱਚ ਮੁਫ਼ਤ ਹੀ ਦਿੱਤੀਆਂ ਜਾਣੀਆਂ ਹਨ। ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਕੰਪਨੀ ਅਜਿਹਾ ਕਰਕੇ ਆਪਣੀ ਮਸ਼ਹੂਰੀ ਕਰਨ ਦਾ ਨਵਾਂ ਢੰਗ ਲੱਭ ਰਹੀ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਪੁਰਾਣੇ ਮਿੱਤਰ ਦੱਸੇ ਜਾਂਦੇ ਹਨ। ਮੁੰਬਈ ’ਚ ਵੀ ਦੋਵਾਂ ਦੀ ਮੁਲਾਕਾਤ ਹੋਈ ਸੀ। ਪੰਜਾਬ ’ਚ ਕਈ ਥਾਵਾਂ ’ਤੇ ਅਕਸ਼ੈ ਕੁਮਾਰ ਦੀ ਸ਼ੂਟਿੰਗ ਦੌਰਾਨ ਆਈਪੀਐੱਸ ਭੁੱਲਰ ਨੇ ਮਦਦ ਕੀਤੀ ਹੈ।
ਕਰੋਨਾ ਸੰਕਟ ਦੇ ਚੱਲਦਿਆਂ ਇਸ ਘੜੀ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਖ਼ਾਸ ਕਿਸਮ ਦੀਆਂ ਘੜੀਆਂ ਕਰੋਨਾ ਮਰੀਜ਼ਾਂ ਦੀ ਪਛਾਣ ਕਰਵਾਉਣ ਲਈ ਵੀ ਫਾਇਦੇਮੰਦ ਸਾਬਤ ਹੋ ਸਕਣਗੀਆਂ। ਪੰਜਾਬੀਆਂ ਦੇ ਮਨਾਂ ਵਿੱਚ ਆਪਣੀ ਖ਼ਾਸ ਤਰ੍ਹਾਂ ਦੀ ਪੈਂਠ ਬਣਾ ਚੁੱਕੇ ਅਕਸ਼ੈ ਕੁਮਾਰ ਜਿਸ ਬ੍ਰਾਂਡ ਦੀਆਂ ਘੜੀਆਂ ਜਲੰਧਰ ਪੁਲੀਸ ਦੇ ਜਵਾਨਾਂ ਨੂੰ ਦੇ ਰਹੇ ਹਨ, ਉਸ ਕੰਪਨੀ ਦੇ ਉਹ ਬ੍ਰਾਂਡ ਅੰਬੈਸਡਰ ਵੀ ਹਨ।