ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਅੰਮ੍ਰਿਤਸਰ/ਚੇਤਨਪੁਰਾ, 8 ਅਗਸਤ
ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਮੌਕੇ ਅੱਜ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਜੇ ਉਨ੍ਹਾਂ ਜਥੇਬੰਦੀ ਦਾ ਵਜੂਦ ਬਚਾਉਣਾ ਹੈ ਤਾਂ ਉਹ ਸੱਤਾ ਪ੍ਰਾਪਤੀ ਦਾ ਮੰਤਵ ਇਕ ਪਾਸੇ ਰੱਖ ਕੇ ਪੰਥ ਦੇ ਭਲੇ ਅਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ।
ਸਾਲ 1922 ਵਿਚ ਗੁਰਦੁਆਰਾ ਸੁਧਾਰ ਲਹਿਰ ਤਹਿਤ ਲਗਾਏ ਗਏ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ ਵਿਖੇ ਮੁੱਖ ਸਮਾਗਮ ਕੀਤਾ ਗਿਆ। ਜਥੇਦਾਰ ਹਰਪ੍ਰੀਤ ਸਿੰਘ ਨੇ ਮੰਚ ’ਤੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਵੱਲ ਸੰਕੇਤ ਕਰਦਿਆਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਹੈ ਤਾਂ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਆਪਣਾ ਧਿਆਨ ਕੇਂਦਰਿਤ ਕਰਨ। ਉਨ੍ਹਾਂ ਨਸੀਹਤ ਦਿੱਤੀ ਕਿ ਉਹ ਸਿਰਫ ਸੱਤਾ ਪ੍ਰਾਪਤੀ ਆਪਣਾ ਨਿਸ਼ਾਨਾ ਨਾ ਰੱਖਣ ਸਗੋਂ ਇਸ ਨਿਸ਼ਾਨੇ ਨੂੰ ਤਿਆਗ ਕੇ ਗੁਰੂ ਗ੍ਰੰਥ ਤੇ ਪੰਥ ਦਾ ਝੰਡਾ ਚੁੱਕਣ। ਉਹ ਉਨ੍ਹਾਂ ਨੂੰ ਚੋਣਾਂ ਲੜਨ ਤੋਂ ਨਹੀਂ ਰੋਕ ਰਹੇ ਪਰ ਅਕਾਲੀਆਂ ਦਾ ਮੁੱਖ ਮੰਤਵ ਸਰਕਾਰ ਬਣਾਉਣਾ ਨਾ ਹੋ ਕੇ ਗੁਰਧਾਮਾਂ ਦੀ ਸੇਵਾ, ਪੰਥ ਦਾ ਪ੍ਰਚਾਰ ਤੇ ਕੌਮ ਨੂੰ ਗੁਰੂ ਘਰ ਦੇ ਨਾਲ ਜੋੜਨਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਇਤਿਹਾਸ ਨੂੰ ਸੰਗਤ ਤੱਕ ਪਹੁੰਚਾਉਣ ਲਈ ਸਰਗਰਮ ਧਰਮ ਪ੍ਰਚਾਰ ਲਹਿਰ ਜਾਰੀ ਰੱਖਣ ਦਾ ਐਲਾਨ ਕਰਦਿਆਂ ਸੰਗਤ ਨੂੰ ਵੀ ਸਿੱਖੀ ਪ੍ਰਚਾਰ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਰਚਾ ਗੁਰੂ ਕਾ ਬਾਗ ਵਿਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਵੱਲੋਂ ਲਗਾਏ ਗਏ ਮੋਰਚੇ ਸਿੱਖ ਪੰਥ ਦੀ ਸ਼ਕਤੀ ਦਾ ਸੋਮਾ ਹਨ। ਇਸ ਮੌਕੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਪੁਸਤਕ ਰਿਲੀਜ਼
ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਦੇ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਨੂੰ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਮੈਂਬਰ ਤੇ ਇਤਿਹਾਸਕਾਰ ਹਰਵਿੰਦਰ ਸਿੰਘ ਖਾਲਸਾ ਨੇ ਤਿਆਰ ਕੀਤਾ ਹੈ। ‘ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਦੀ ਖੂਨੀ ਗਾਥਾ’ ਦੇ ਸਿਰਲੇਖ ਹੇਠ ਤਿਆਰ ਕੀਤੀ ਗਈ ਇਸ ਪੁਸਤਕ ਵਿਚ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸਿਰਜੇ ਗਏ ਇਤਿਹਾਸ ਨੂੰ ਚਿੱਤਰਾਂ ਰਾਹੀਂ ਪੇਸ਼ ਕੀਤਾ ਗਿਆ ਹੈ।