ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਫਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਅਕਾਲੀ ਆਗੂਆਂ ਸੁਰਜੀਤ ਸਿੰਘ ਰੱਖੜਾ, ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਮਜੀਠੀਆ ਨਸ਼ਾ ਤਸਕਰੀ ਦੇ ਦੋਸ਼ ਹੇਠ ਦਰਜ ਕੇਸ ਤਹਿਤ ਚਾਰ ਦਿਨਾਂ ਤੋਂ ਜੇਲ੍ਹ ’ਚ ਬੰਦ ਹਨ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਕਰੀਬ ਦੋ ਸਾਲਾਂ ਤੋਂ ਪੰਜਾਬ ਦੀਆਂ ਲਗਪਗ ਸਾਰੀਆਂ ਜੇਲ੍ਹਾਂ ਵਿਚ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤਾਂ ਬੰਦ ਹਨ। ਜੇਲ੍ਹ ਦੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਲਾਕਾਤ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਪਰਵਾਨਗੀ ਨਾਲ ਕਰਵਾਈ ਗਈ ਹੈ। ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਬਾਕੀ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਤਾਂ ਜੇਲ੍ਹਾਂ ਵਿਚਲੇ ਕੈਦੀਆਂ ਤੇ ਹਵਾਲਾਤੀਆਂ ਨਾਲ ਮੁਲਾਕਾਤ ਕਰਨ ’ਤੇ ਲਾਈਆਂ ਪਾਬੰਦੀਆਂ ਵੀ ਹਟਾ ਦੇਣੀਆਂ ਚਾਹੀਦੀਆਂ ਹਨ। ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾ ਮਿਲ ਸਕਣ ਕਰਕੇ ਕਈ ਕੈਦੀਆਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਵੀ ਝੱਲਣੀਆਂ ਪੈ ਰਹੀਆਂ ਹਨ। ਇਸ ਸਬੰਧੀ ਉਹ ਜਲਦੀ ਹੀ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਣਗੇ।
ਜ਼ਿਕਰਯੋਗ ਹੈ ਕਿ ਮਜੀਠੀਆ ਨਾਲ ਮੁਲਾਕਾਤ ਲਈ ਆਉਣ ਵਾਲੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਸੇਵਾ ਸੰਭਾਲ ਲਈ ਅਕਾਲੀ ਦਲ ਦੇ ਸਥਾਨਕ ਪ੍ਰਧਾਨ ਅਤੇ ਪਟਿਆਲਾ ਸ਼ਹਿਰੀ ਹਲਕੇ ਤੋਂ ਅਕਾਲੀ ਉਮੀਦਵਾਰ ਹਰਪਾਲ ਜੁਨੇਜਾ ਨੇ ਜੇਲ੍ਹ ਦੇ ਨਜ਼ਦੀਕ ਹੀ ਇੱਕ ਤੰਬੂ ਗੱਡ ਕੇ ਮੋਰਚਾ ਸੰਭਾਲਿਆ ਹੋਇਆ ਹੈ। ਸ੍ਰੀ ਮਜੀਠੀਆ ਦੇ ਵਕੀਲ ਦੇ ਹਵਾਲੇ ਨਾਲ ਹਰਪਾਲ ਜੁਨੇਜਾ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ ਵਿੱਚ ਹਾਈਕੋਰਟ ’ਚ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਜਾਵੇਗੀ। ਦਰਜ ਕੇਸ ਨੂੰ ਸਿਆਸੀ ਬਦਲਾਖੋਰੀ ਅਤੇ ਝੂਠ ਦਾ ਪਲੰਦਾ ਦੱਸਦਿਆਂ ਜੁਨੇਜਾ ਨੇ ਕਿਹਾ ਕਿ ਅਗਾਊਂ ਹਾਰ ਦੇਖਦਿਆਂ ਕਾਂਗਰਸ ਬੁਖਲਾਹਟ ’ਚ ਆ ਗਈ ਸੀ। ਅਕਾਲੀ ਆਗੂ ਨਰਦੇਵ ਆਕੜੀ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਤੇ ਸ੍ਰੀ ਮਜੀਠੀਆ ਜਿਥੇ ਜ਼ਮਾਨਤ ਪਾ ਕੇ ਜਲਦੀ ਜੇਲ੍ਹ ਤੋਂ ਬਾਹਰ ਆਉਣਗੇ, ਉਥੇ ਹੀ ਚੋਣ ਨਤੀਜੇ ਦੌਰਾਨ ਉਹ ਨਵਜੋਤ ਸਿੱਧੂ ਨੂੰ ਵਿਧਾਨ ਸਭਾ ’ਚੋਂ ਬਾਹਰ ਕਰਨਗੇ।
ਰਾਜੋਆਣਾ ਨੂੰ ਵੀ ਮਿਲੇ ਅਕਾਲੀ ਆਗੂ
ਸੂਤਰਾਂ ਅਨੁਸਾਰ ਮਜੀਠੀਆ ਨੂੰ ਮਿਲਣ ਗਏ ਅਕਾਲੀ ਆਗੂਆਂ ’ਚੋਂ ਕੁਝ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਵੀ ਮੁਲਾਕਾਤ ਕੀਤੀ। ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਸਬੰਧੀ ਢਾਈ ਦਹਾਕਿਆਂ ਤੋਂ ਜੇਲ੍ਹ ਵਿਚ ਬੰਦ ਹੈ। ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਆਗੂਆਂ ਦੀ ਰਾਜੋਆਣਾ ਨਾਲ ਮੁਲਾਕਾਤ ਤੋਂ ਇਨਕਾਰ ਕੀਤਾ ਹੈ ਪਰ ਇਕ ਜੇਲ੍ਹ ਅਧਿਕਾਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਜਦੋਂ ਇਹ ਆਗੂ ਮਜੀਠੀਆ ਨਾਲ ਮੁਲਾਕਾਤ ਲਈ ਅੰਦਰ ਆਏ ਹੋਣ ਤਾਂ ਉਸੇ ਵੇਲੇ ਰਾਜੋਆਣਾ ਵੀ ਆਪਣੇ ਕਿਸੇ ਕੰਮ ਲਈ ਜੇਲ੍ਹ ਵਿਚਲੇ ਮੁੱਖ ਦਫਤਰ ਵੱਲ ਆਇਆ ਹੋਵੇ ਅਤੇ ਉਸ ਵੇਲੇ ਇਨ੍ਹਾਂ ਆਗੂਆਂ ’ਚੋਂ ਕਿਸੇ ਨੇ ਰਾਜੋਆਣਾ ਨੂੰ ਫ਼ਤਹਿ ਬੁਲਾ ਦਿੱਤੀ ਹੋਵੇ।