ਬਲਜੀਤ ਸਿੰਘ
ਸਰਦੂਲਗੜ੍ਹ, 2 ਫਰਵਰੀ
ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਸੂਬੇ ’ਚ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਹਲਕਾ ਸਰਦੂਲਗੜ੍ਹ ਦੇ ਵੋਟਰ ਇਸ ਵਾਰ ਵੀ ਕਾਂਗਰਸੀ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ’ਚ ਭੇਜਣਗੇ। ਉਨ੍ਹਾਂ ਅੱਜ ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਬਿਕਰਮ ਮੋਫਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।
ਮੀਡੀਆ ਨਾਲ ਗੱਲਬਾਤ ਦੌਰਾਨ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕੀ ਮਜਬੂਰੀ ਹੋ ਗਈ ਸੀ ਕਿ ਸੁਪਰੀਮ ਕੋਰਟ ਵੱਲੋਂ ਸਜ਼ਾਯਾਫ਼ਤਾ ਇੱਕ ਅਤਿਵਾਦੀ ਅਕਾਲੀ ਦਲ ਲਈ ਵੋਟਾਂ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ’ਤੇ ਪਹਿਲਾਂ ਨਸ਼ਾ ਸੌਦਾਗਰਾਂ ਨਾਲ ਸਬੰਧ ਹੋਣ ਦੇ ਦੋਸ਼ ਲੱਗੇ ਹਨ ਤੇ ਹੁਣ ਇਨ੍ਹਾਂ ਦੇ ਅਤਿਵਾਦੀਆਂ ਨਾਲ ਸਬੰਧ ਹੋਣ ਦੇ ਵੀ ਭੇਤ ਵੀ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਦਿੱਲੀ ਮਾਡਲ ਲਾਗੂ ਕਰਨ ਅਤੇ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੇ ਰਾਜ ਵਿੱਚ ਦਿੱਲੀ ’ਚ ਕੁਝ ਦਿਨ ਪਹਿਲਾਂ ਜੋ ਇੱਕ ਮੁਟਿਆਰ ਨਾਲ ਹੋਇਆ ਹੈ, ਉਹ ਬਹੁਤ ਸ਼ਰਮਨਾਕ ਘਟਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਆਦਾ ਕਰਨ ਵਾਲੇ ਕੇਜਰੀਵਾਲ ਦੀ ਦਿੱਲੀ ਵਿੱਚ ਹੀ ਔਰਤਾਂ ਅਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਹਲਕਾ ਸਰਦੂਲਗੜ੍ਹ ਤੋਂ ਆਪਣਾ ਕੋਈ ਪੁਰਾਣਾ ਵਰਕਰ ਨਹੀਂ ਲੱਭਿਆ, ਇਸੇ ਕਾਰਨ ‘ਆਪ’ ਨੇ ਕੁਝ ਮਹੀਨੇ ਪਹਿਲਾਂ ਪਾਰਟੀ ’ਚ ਆਏ ਵਿਅਕਤੀ ਨੂੰ ਸਰਦੂਲਗੜ੍ਹ ਤੋਂ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਤੇ ਕਾਂਗਰਸੀ ਉਮੀਦਵਾਰ ਬਿਕਰਮ ਮੋਫਰ ਨੇ ਵੀ ਸਬੋਧਨ ਕੀਤਾ।