ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਅਕਤੂਬਰ
ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਦਲ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਹਵਾਈ ਅੱਡੇ ਨੇੜੇ ਹਸਪਤਾਲ ਲਈ ਸ਼ਾਮਲਾਤ ਜ਼ਮੀਨ ਦੇਣ ਦੇ ਮਾਮਲੇ ਵਿੱਚ ਅਕਾਲੀ ਦਲ ਨੇ ਪੂੰਜੀਪਤੀਆਂ ਨੂੰ ਭਜਾਉਣ ਲਈ ਗ਼ਲਤ ਪ੍ਰਚਾਰ ਕਰਨ ’ਤੇ ਲੱਕ ਬੰਨ੍ਹ ਲਿਆ। ਉਨ੍ਹਾਂ ਕਿਹਾ ਕਿ ਸ਼ਾਮਲਾਤ ਜ਼ਮੀਨ ਦੀ ਬੋਲੀ ਸਬੰਧੀ ਪੂੰਜੀ ਨਿਵੇਸ਼ ਸਮਾਗਮ ਤੋਂ ਇੱਕ ਦਿਨ ਪਹਿਲਾਂ ਵਿਰੋਧ ਕਰ ਕੇ ਅਕਾਲੀ ਆਗੂ ਪੂੰਜੀ ਨਿਵੇਸ਼ਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਪੰਜਾਬ ’ਚ ਪੂੰਜੀਕਾਰਾਂ ਲਈ ਮਾਹੌਲ ਸਾਜ਼ਗਾਰ ਨਹੀਂ ਹੈ। ਸ੍ਰੀ ਸਿੱਧੂ ਨੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਪਿੰਡ ਵਾਸੀਆਂ ਨੂੰ ਉਕਸਾਇਆ ਤੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਗੁਮਰਾਹ ਕਰ ਕੇ ਸੋਮਵਾਰ ਨੂੰ ਖੱਲ੍ਹੀ ਬੋਲੀ ਦਾ ਵਿਰੋਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਕਲੇਰ ਦੀ ਥਾਂ ਕੋਈ ਵੀ ਵਿਅਕਤੀ ਵੱਧ ਬੋਲੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ, ਡਾਕਟਰ ਕਲੇਰ ਨੂੰ ਹਸਪਤਾਲ ਪ੍ਰਾਜੈਕਟ ਲਈ ਜ਼ਮੀਨ ਦੇਣ ਸਬੰਧੀ ਕਥਿਤ ਬਲੈਕਮੇਲ ਕਰ ਰਹੇ ਹਨ। ਇਸ ਦੌਰਾਨ ਵਿਧਾਇਕ ਸਿੱਧੂ ਨੇ ਮੁੱਖ ਮੰਤਰੀ, ਪੰਚਾਇਤ ਵਿਭਾਗ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਹਿੱਤ ਸਾਹਮਣੇ ਰੱਖ ਕੇ ਇਸ ਪ੍ਰਾਜੈਕਟ ਲਈ ਰੱਖੀ ਖੁੱਲ੍ਹੀ ਬੋਲੀ ਹਰ ਹਾਲਤ ਕਰਵਾਉਣ ਤਾਂ ਜੋ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨ ਵਾਲਿਆਂ ਨੂੰ ਚੰਗਾ ਸੁਨੇਹਾ ਜਾਵੇ।