ਬੀਰਬਲ ਰਿਸ਼ੀ
ਸ਼ੇਰਪੁਰ, 16 ਅਗਸਤ
ਸ਼੍ਰੋਮਣੀ ਅਕਾਲੀ ਦਲ (ਡ) ਦੇ ਸਰਕਲ ਸ਼ੇਰਪੁਰ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਖੇੜੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦਾ ਪਿੰਡ ਖੇੜੀ ਕਲਾਂ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਯਾਦ ਰਹੇ ਕਿ ਸ੍ਰੀ ਖੇੜੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ੇਰਪੁਰ ਦੇ ਪ੍ਰਧਾਨ ਰਹੇ ਪਰ ਪਾਰਟੀ ਦੀ ਸਿਆਸੀ ਟੁੱਟ-ਭੱਜ ਦੌਰਾਨ ਉਹ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਚਲੇ ਗਏ ਅਤੇ ਅੱਜਕੱਲ ਅਕਾਲੀ ਦਲ (ਡ) ਦੇ ਸਰਕਲ ਪ੍ਰਧਾਨ ਸਨ। ਜਾਣਕਾਰੀ ਅਨੁਸਾਰ ਸਰਕਲ ਪ੍ਰਧਾਨ ਗੁਰਜੰਟ ਸਿੰਘ ਖੇੜੀ ਪਿੰਡ ਨੈਣੇਵਾਲ ਦੇ ਇਕ ਕੇਂਦਰ ਤੋਂ ਇਲਾਜ ਕਰਵਾ ਰਹੇ ਸਨ। ਪਿੰਡ ਨੈਣੇਵਾਲ ਤੋਂ ਪਰਤਦੇ ਸਮੇਂ ਉਸ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਅਤੇ ਮਗਰੋਂ ਉਨ੍ਹਾਂ ਮੌਤ ਹੋ ਗਈ। ਅਕਾਲੀ ਦਲ (ਡ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸ੍ਰੀ ਖੇੜੀ ਦੇ ਸਸਕਾਰ ਮੌਕੇ ਸਾਬਕਾ ਚੇਅਰਮੈਨ ਜਸਦੇਵ ਸਿੰਘ ਕਾਲਾਬੂਲਾ, ਮਾਰਕੀਟ ਕਮੇਟੀ ਦੇ ਸਾਬਕਾ ਉਪ-ਚੇਅਰਮੈਨ ਗੁਰਜੀਤ ਸਿੰਘ ਚਾਂਗਲੀ, ਰੇਲਵੇ ਦੇ ਸਾਬਕਾ ਡਾਇਰੈਕਟਰ ਗੁਰਮੀਤ ਸਿੰਘ ਮਾਹਮਦਪੁਰ, ਅਕਾਲੀ ਦਲ (ਡ) ਦੇ ਆਗੂ ਦਵਿੰਦਰ ਸਿੰਘ ਕਾਲਾਬੂਲਾ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਵਰਕਰ ਹਾਜ਼ਰ ਸਨ।