ਸ਼ਗਨ ਕਟਾਰੀਆ
ਬਠਿੰਡਾ, 5 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਤੋੜ-ਵਿਛੋੜਾ ਮਹਿਜ਼ ਛਲਾਵਾ ਹੈ। ਅਸਲੀਅਤ ਇਹ ਹੈ ਕਿ ਦੋਵੇਂ ਪਾਰਟੀਆਂ ਅੰਦਰਖਾਤੇ ਹਾਲੇ ਵੀ ਘਿਓ-ਖਿਚੜੀ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪਾਈ ਹਰ ਵੋਟ ਭਾਜਪਾ ਦੀ ਝੋਲੀ ਜਾਵੇਗੀ। ਇੱਥੇ ਭਗਵਤੀ ਐਨਕਲੇਵ, ਗਰੀਨ ਸਿਟੀ, ਗੀਤਾ ਭਵਨ, ਭਾਗੂ ਰੋਡ, ਮਾਡਲ ਟਾਊਨ ਅਤੇ ਗੁਰੂ ਤੇਗ ਬਹਾਦਰ ਨਗਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਖੁੱਡੀਆਂ ਨੇ ਕਿਹਾ ਕਿ ਭਾਜਪਾ ਨੂੰ ਲੋਕ ਰੋਹ ਤੋਂ ਬਚਾਉਣ ਲਈ ਅਕਾਲੀਆਂ ਵੱਲੋਂ ਡਰਾਮਾ ਕੀਤਾ ਜਾ ਰਿਹਾ ਹੈ। ਪਹਿਲੀ ਜੂਨ ਨੂੰ ਵੋਟਾਂ ਪੈਣ ਮਗਰੋਂ ਅਕਾਲੀ ਤੇ ਭਾਜਪਾਈ ਭਾਈ-ਭਾਈ ਨਜ਼ਰ ਆਉਣਗੇ।
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪਹਿਲੇ ਦੋ ਸਾਲਾਂ ਦੌਰਾਨ 600 ਯੂਨਿਟ ਬਿਜਲੀ ਮੁਫ਼ਤ ਕੀਤੀ ਤਾਂ 90 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆਏ। ਇਸੇ ਤਰ੍ਹਾਂ ਮੁਹੱਲਾ ਕਲੀਨਿਕ ਅਤੇ ਸਕੂਲ ਆਫ ਐਮੀਨੈਂਸ ਖੋਲ੍ਹੇ ਗਏ। 50 ਹਜ਼ਾਰ ਤੋਂ ਵੱਧ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਜਿਨ੍ਹਾਂ ਟੇਲਾਂ ’ਤੇ ਮੁੱਦਤਾਂ ਤੋਂ ਕਦੇ ਪਾਣੀ ਦੀ ਬੂੰਦ ਨਹੀਂ ਸੀ ਅੱਪੜੀ, ਉੱਥੇ ਪਾਣੀ ਪਹੁੰਚਾਇਆ। ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਭੇਜਿਆ ਗਿਆ ਤੇ ਟੌਲ ਪਲਾਜ਼ੇ ਬੰਦ ਕਰਵਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ ਅਤੇ ਉਹ ਇਨ੍ਹਾਂ ਚੋਣਾਂ ’ਚ ‘ਆਪ’ ਦੇ ਟੀਚੇ 13-0 ਨੂੰ ਪੂਰਾ ਕਰਨ ਲਈ ਪਹਿਲੀ ਜੂਨ ਦੀ ਉਡੀਕ ਕਰ ਰਹੇ ਹਨ।