ਇਕਬਾਲ ਸਿੰਘ ਸ਼ਾਂਤ
ਲੰਬੀ, 2 ਫਰਵਰੀ
ਪੰਜਾਬ ’ਚ ਸਭ ਤੋਂ ਵੱਡੀ ਉਮਰ ਵਾਲੇ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੁਹਾਰਾ ਅਤੇ ਚੱਕ ਮਿੱਡੂ ਸਿੰਘ ਵਾਲਾ ’ਚ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਤਜਰਬਾ ਦੱਸਦਾ ਹੈ ਕਿ ਇਸ ਵਾਰ ਪੰਜਾਬ ’ਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੋਂ ਇਲਾਵਾ ਕਿਸੇ ਪਾਰਟੀ ਦਾ ਪੰਜਾਬ ਨਾਲ ਲਗਾਓ ਨਹੀਂ ਹੈ। ਦੂਜੀਆਂ ਪਾਰਟੀਆਂ ਦੀਆਂ ਜੜ੍ਹਾਂ ਦਿੱਲੀ ’ਚ ਹਨ। ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਅਤੇ ਐਮਰਜੈਂਸੀ ਸਮੇਂ ਲੰਮਾ ਸੰਘਰਸ਼ ਕੀਤਾ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਤਾਂ ਲੋਕ ਹਿੱਤਾਂ ਖਾਤਰ 15 ਸਾਲ ਜੇਲ੍ਹ ਵੀ ਕੱਟੀ ਹੈ। ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਲੰਬੀ ਦੇ ਲੋਕ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਹ ਲੋਕਾਂ ਦੇ ਦਿਲਾਂ ਦੀਆਂ ਜਾਣਦੇ ਹਨ। ਲੰਬੀ ਹਲਕੇ ਨਾਲ ਉਨ੍ਹਾਂ ਦਾ 70 ਸਾਲ ਦਾ ਲਗਾਓ ਹੈ। ਜੇ ਉਹ ਲੋਕਾਂ ਵਿੱਚ ਨਾ ਜਾਣ ਤਾਂ ਵੀ ਇੱਥੋਂ ਦੇ ਲੋਕ ਉਨ੍ਹਾਂ ਨੂੰ ਵੋਟ ਪਾਉਣਗੇ। ਵੱਡੀ ਉਮਰ ਦੇ ਬਾਵਜੂਦ ਚੋਣ ਲੜਨ ਬਾਰੇ ਬਾਦਲ ਨੇ ਕਿਹਾ ਕਿ ਪਾਰਟੀ ਦੇ ਹੁਕਮ ਉਨ੍ਹਾਂ ਲਈ ਸਰਬ-ਉੱਚ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਲਈ ਅਕਾਲੀ-ਬਸਪਾ ਸਰਕਾਰ ਲਿਆਉਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਮੇਜਰ ਭੁਪਿੰਦਰ ਸਿੰਘ, ਤੇਜਿੰਦਰ ਸਿੰਘ ਮਿੱਡੂਖੇੜਾ, ਵਿੱਕੀ ਮਿੱਡੂਖੇੜਾ, ਹਰਮੇਸ਼ ਖੁੱਡੀਆਂ ਸਮੇਤ ਹੋਰ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।
ਸਰਕਾਰ ਬਣਨ ’ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ: ਸੁਖਬੀਰ
ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਝੰਡੇ ਹੇਠਲੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੀ ਪਿੰਡ ਬਾਦਲ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਭਰ ਤੋਂ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਸ ਮੌਕੇ ਮੁਲਾਜ਼ਮਾਂ ਜਥੇਬੰਦੀਆਂ ਦੇ ਆਗੂਆਂ ਨੇ ਆਪਣੀਆਂ ਮੰਗਾਂ-ਮਸਲੇ ਉਠਾਉਂਦਿਆਂ ਕਿਹਾ ਕਿ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ’ਤੇ ਰੋਕ ਲਗਾ ਕੇ ਸਰਕਾਰ ਬਣਦਿਆਂ ਸਾਰ ਵੱਖ-ਵੱਖ ਸਰਕਾਰੀ ਕਾਰਪੋਰੇਸ਼ਨ ਬੋਰਡ ਅਤੇ ਸਹਿਕਾਰੀ ਅਦਾਰਿਆਂ ਦੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਸਕੂਲਾਂ ਦੇ ਮਿੱਡ-ਡੇਅ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਦੇ ਘੱਟੋ-ਘੱਟ ਤਨਖਾਹ ਸਕੇਲ ਦੇ ਘੇਰੇ ਅੰਦਰ ਲਿਆਉਣ ਅਤੇ ਲੰਗੜੇ ਪੇਅ ਕਮਿਸ਼ਨ ਨੂੰ ਤਰੁੱਟੀਆਂ ਦੂਰ ਕਰਕੇ 2011 ਤੋਂ ਤੋੜੀ ਤਨਖਾਹ ਸਮਾਨਤਾ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਅਕਾਲੀ-ਬਸਪਾ ਸਰਕਾਰ ਬਣਨ ’ਤੇ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਦੀ ਬਹਾਲੀ ਕੀਤੀ ਜਾਵੇਗੀ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੀ ਦਰੁੱਸਤੀ ਸਮੇਤ ਸਾਰੀਆਂ ਮੰਗਾਂ ਅਕਾਲੀ-ਬਸਪਾ ਸਰਕਾਰ ਪਹਿਲ ਦੇ ਆਧਾਰ ’ਤੇ ਪੂਰੀਆਂ ਕਰੇਗੀ। ਲੋਕਤੰਤਰੀ ਹੱਕਾਂ ਤਹਿਤ ਦਿੱਤੇ ਧਰਨਿਆਂ ਦੌਰਾਨ ਹੋਏ ਮੁਕੱਦਮੇ ਵੀ ਖਾਰਜ ਕੀਤੇ ਜਾਣਗੇ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੂੰ ਚੋਣ ਮਨੋਰਥ ਪੱਤਰ ’ਚ ਦਰਜ ਹੀ ਨਹੀਂ ਕੀਤਾ ਜਾਵੇਗਾ, ਸਗੋਂ ਸਰਕਾਰ ਬਣਨ ’ਤੇ ਜਲਦ ਇਸ ਨੂੰ ਮੁੜ ਬਹਾਲ ਕੀਤਾ ਜਾਵੇਗਾ।