ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਨਵੰਬਰ
ਕਿਸਾਨ ਜਥੇਬੰਦੀਆਂ ਵੱਲੋਂ ਸਮੁੱਚੇ ਪੰਜਾਬੀਆਂ ਨੂੰ ਮੌਜੂਦਾ ਦੌਰ ਦੇ ਸੰਘਰਸ਼ ਲਈ ਇੱਕਜੁੱਟ ਹੋ ਕੇ ਲੜਨ ਦਾ ਸੱਦਾ ਦਿੰਦਿਆਂ ਕਿਸਾਨ ਅੰਦੋਲਨ ਨੂੰ ਵਪਾਰੀਆਂ, ਮਜ਼ਦੂਰਾਂ, ਕਿਰਤੀ ਲੋਕਾਂ ਅਤੇ ਕਿਸਾਨਾਂ ਦੇ ਹਿੱਤਾਂ ਦਾ ਸੰਘਰਸ਼ ਕਰਾਰ ਦਿੱਤਾ ਹੈ। ਇਥੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਮੋਰਚੇ ’ਚ ਸ਼ਾਮਲ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਦਿੱਲੀ ਮੋਰਚੇ ਲਈ 26 ਨਵੰਬਰ ਨੂੰ ਸਵੇਰੇ 11 ਵਜੇ ਮਹਿਲਾਂ ਚੌਕ ਤੋਂ ਖਨੌਰੀ ਬਾਰਡਰ ਰਾਹੀਂ ਦਿੱਲੀ ਰਵਾਨਾ ਹੋਣਗੀਆਂ।
ਧਰਨੇ ਦੌਰਾਨ ਹੀ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਦਿੱਲੀ ਮੋਰਚੇ ਦੀ ਤਿਆਰੀ ਸਬੰਧੀ ਅਹਿਮ ਮੀਟਿੰਗ ਵੀ ਹੋਈ, ਜਿਸ ਵਿੱਚ ਕਾਫ਼ਲੇ ਦੇ ਰਵਾਨਾ ਹੋਣ ਬਾਰੇ ਵਿਊਂਤਬੰਦੀ ਕੀਤੀ ਗਈ। ਧਰਨੇ ਨੂੰ ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਸੂਬਾ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਆਗੂ ਕਰਨੈਲ ਸਿੰਘ ਬਡਰੁੱਖਾਂ, ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਰਿੰਦਰਪਾਲ ਸਿੰਘ ਬਰੜਵਾਲ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਿਰੰਜਣ ਸਿੰਘ ਦੋਹਲਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਚਮਕੌਰ ਸਿੰਘ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਆਰਥਿਕ ਨਾਕਾਬੰਦੀ ਕਰਕੇ ਪੰਜਾਬ ਦੇ ਵਪਾਰੀਆਂ ਦੇ ਕਾਰੋਬਾਰ ਤਬਾਹ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਯੂਰੀਏ ਦੀ ਕਿੱਲਤ ਪੈਦਾ ਕਰਨਾ ਚਾਹੁੰਦੀ ਹੈ ਪਰ ਪੰਜਾਬ ਹਿਤੈਸ਼ੀ ਕਿਸਾਨ ਜਥੇਬੰਦੀਆਂ ਨੇ ਇਕਮਤ ਹੁੰਦਿਆਂ ਕੇਂਦਰ ਸਰਕਾਰ ਦੇ ਇਸ ਬਹਾਨੇ ਨੂੰ ਵੀ ਲੱਤ ਮਾਰੀ ਹੈ ਕਿ ਮਾਲ ਗੱਡੀਆਂ ਨਾ ਚੱਲਣ ਲਈ ਕਿਸਾਨ ਜ਼ਿੰਮੇਵਾਰ ਹਨ। ਪੰਦਰਾਂ ਦਿਨਾਂ ਵਾਸਤੇ ਸਮੁੱਚੀਆਂ ਰੇਲ ਗੱਡੀਆਂ ਚੱਲਣ ਦੇਣ ਦਾ ਐਲਾਨ ਕਰਕੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਹਿੱਤ ਵਿੱਚ ਫ਼ੈਸਲਾ ਲਿਆ ਹੈ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਮੁੱਖ ਮੰਤਰੀ ਨੇ ਇੱਕ ਹਫ਼ਤੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਦਿੱਲੀ ਮੋਰਚੇ ’ਤੇ ਮੈਡੀਕਲ ਸਹੂਲਤ ਲਈ ਜਗਤ ਮਾਨਵ ਸੇਵਾ ਕੇਂਦਰ ਬਰੜਵਾਲ ਦੇ ਪਰਮਿੰਦਰ ਸਿੰਘ ਨੇ ਦਵਾਈਆਂ ਦੀਆਂ ਬਾਰਾਂ ਮੈਡੀਕਲ ਕਿੱਟਾਂ ਜਥੇਬੰਦੀਆਂ ਨੂੰ ਭੇਟ ਕੀਤੀਆਂ।