ਗਗਨਦੀਪ ਅਰੋੜਾ
ਲੁਧਿਆਣਾ, 14 ਸਤੰਬਰ
ਭਾਰਤ-ਪਾਕਿ ਵਿਚਾਲੇ 1971 ਵਿੱਚ ਹੋਈ ਜੰਗ ਦੇ 50 ਸਾਲ ਪੂਰੇ ਹੋਣ ਅਤੇ ਇਸ ਜੰਗ ਵਿੱਚ ਸ਼ਹੀਦ ਹੋਏ ਫਲਾਈਂਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੇ ਜੱਦੀ ਪਿੰਡ ਈਸੇਵਾਲ ਵਿੱਚ ਅੱਜ ਹਵਾਈ ਸੈਨਾ ਦੇ ਉਚ ਅਫ਼ਸਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਏਅਰ ਮਾਰਸ਼ਲ ਬੀਆਰ ਕ੍ਰਿਸ਼ਨਾ ਨੇ ਸ਼ਹੀਦ ਦੇ ਪਰਿਵਾਰ ਤੇ ਸੇਵਾਮੁਕਤ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ’ਚ ਸ਼ਹੀਦ ਦਾ ਬੁੱਤ ਵੀ ਲੋਕ ਅਰਪਣ ਕੀਤਾ। ਸਮਾਗਮ ਵਿੱਚ ਸੂਰਿਆ ਕਿਰਨ ਐਰੋਬਿਕ ਟੀਮ ਵੱਲੋਂ ਏਅਰ ਸ਼ੋਅ ਦਿਖਾਇਆ ਗਿਆ।
ਜ਼ਿਕਰਯੋਗ ਹੈ ਕਿ 17 ਜੁਲਾਈ 1943 ਨੂੰ ਈਸੇਵਾਲ ਵਿੱਚ ਜਨਮੇ ਨਿਰਮਲਜੀਤ ਸਿੰਘ ਸੇਖੋਂ 1967 ਵਿੱਚ ਹਵਾਈ ਸੈਨਾ ’ਚ ਭਰਤੀ ਹੋਏ ਸਨ। 1971 ਵਿੱਚ ਉਹ ਕਸ਼ਮੀਰ ਨੂੰ ਪਾਕਿਸਤਾਨੀ ਹਵਾਈ ਹਮਲਿਆਂ ਤੋਂ ਬਚਾਉਣ ਲਈ ਸ੍ਰੀਨਗਰ ’ਚ ਤਾਇਨਾਤ ਸਨ। ਇੱਥੇ ਸੇਖੋਂ ਨੇ ਚਾਰ ਪਾਕਿਸਤਾਨੀ ਜਹਾਜ਼ਾਂ ਦਾ ਇਕੱਲਿਆਂ ਮੁਕਾਬਲਾ ਕੀਤਾ। ਉਨ੍ਹਾਂ ਪਾਕਿਸਤਾਨੀ ਹਵਾਈ ਜਹਾਜ਼ਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਪਰ ਇਸ ਦੌਰਾਨ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਉਹ ਸ਼ਹੀਦੀ ਪ੍ਰਾਪਤ ਕਰ ਗਏ।
ਭਾਰਤ-ਪਾਕਿ ਦੀ ਇਸ ਜੰਗ ਨੂੰ 50 ਸਾਲ ਹੋ ਚੁੱਕੇ ਹਨ। ਇਸ ਨੂੰ ਯਾਦਗਾਰ ਬਣਾਉਣ ਲਈ ਹਵਾਈ ਸੈਨਾ ਵੱਲੋਂ ਸ਼ਹੀਦਾਂ ਦੇ ਜੱਦੀ ਘਰਾਂ ’ਚ ਪੁੱਜ ਕੇ ਸਮਾਗਮ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਈਸੇਵਾਲ ’ਚ ਸਮਾਗਮ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ 1971 ਦੀ ਜੰਗ ਨਾਲ ਸਬੰਧਤ ਦਸਤਾਵੇਜ਼ੀ ਦਿਖਾਈ ਗਈ। ਅੰਤ ਵਿੱਚ ਸੂਰਿਆ ਕਿਰਨ ਐਰੋਬਿਕ ਦੀ ਟੀਮ ਨੇ ਏਅਰ ਸ਼ੋਅ ਦਿਖਾਇਆ। ਕਰੀਬ 10 ਮਿੰਟ ਤੱਕ ਚੱਲੇ ਇਸ ਸ਼ੋਅ ਦੌਰਾਨ ਜਹਾਜ਼ਾਂ ਨੇ ਆਸਮਾਨ ’ਤੇ ਹੈਰਤਅੰਗੇਜ਼ ਕਰਤੱਬ ਦਿਖਾਏ।