ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਮਈ
ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਹੋਰ ਰਾਜਾਂ ਤੋਂ ਵੀ ਮਰੀਜ਼ ਆ ਰਹੇ ਹਨ ਜਿਸ ਦੌਰਾਨ ਸਟਾਫ਼ ਦੀ ਘਾਟ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਦੇ ਕਹਿਣ ’ਤੇ ਏਮਜ਼ ਬਠਿੰਡਾ ਵੱਲੋਂ ਤਿੰਨ ਦਿਨ ਪਹਿਲਾਂ ਮੇਲ ਨਰਸਿੰਗ ਸਟਾਫ਼ ਦੇ ਪੰਜਾਹ ਮੈਂਬਰ ਭੇਜੇ ਗਏ ਸਨ ਪਰ ਇੱਥੇ ਫਿਜ਼ੀਕਲ ਕਾਲਜ ਵਿਚਲੇ ਹੋਸਟਲ ਵਿੱਚ ਠਹਿਰਾਏ ਗਏ ਇਸ ਸਟਾਫ਼ ਵੱਲੋਂ ਖਾਣੇ ਦੀ ਗੁਣਵੱਤਾ ਚੰਗੀ ਨਾ ਹੋਣ ਸਮੇਤ ਖਾਣਾ ਸਮੇਂ ਸਿਰ ਨਾ ਮਿਲਣ ਦੇ ਦੋਸ਼ ਲਾਏ ਗਏ। ਸਟਾਫ਼ ਨੇ ਕਮਰਿਆਂ ’ਚ ਕੂਲਰ ਅਤੇ ਗੁਸਲਖ਼ਾਨਿਆਂ ਦੀ ਸਫ਼ਾਈ ਨਾ ਹੋਣ ਸਮੇਤ ਹੋਰ ਘਾਟਾਂ ਸਬੰਧੀ ਵੀ ਮੁੱਦਾ ਚੁੱਕਿਆ। ਇਸ ਸਟਾਫ਼ ਦੇ ਨੁਮਾਇੰਦਿਆਂ ਵਿਵੇਕ ਅਤੇ ਮੁਕੇਸ਼ ਸੈਣੀ ਸਮੇਤ ਕਈ ਹੋਰਾਂ ਨੇ ਦੋਸ਼ ਲਾਏ ਕਿ ਇਨ੍ਹਾਂ ਘਾਟਾਂ ਬਾਰੇ ਜਦੋਂ ਉਨ੍ਹਾਂ ਇੱਕ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਤਾਂ ਅੱਗੋਂ ਉਸ ਦਾ ਗੱਲ ਕਰਨ ਦਾ ਰਵੱਈਆ ਠੀਕ ਨਹੀਂ ਸੀ ਜਿਸ ਕਾਰਨ ਉਨ੍ਹਾਂ ਭੁੱਖ ਹੜਤਾਲ ਕੀਤੀ।
ਏਮਜ਼ ਬਠਿੰਡਾ ਦੇ ਅਧਿਕਾਰੀਆਂ ਦਾ ਤਰਕ ਸੀ ਕਿ ਉਨ੍ਹਾਂ ਇਹ ਸਟਾਫ਼ ਵਾਪਸ ਭੇਜਣ ਲਈ ਨਹੀਂ ਸੀ ਕਿਹਾ ਬਲਕਿ ਰਾਜਿੰਦਰਾ ਹਸਪਤਾਲ ਵੱਲੋਂ ਖ਼ੁਦ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਵਧੇਰੇ ਚਰਚਾ ਵਿੱਚ ਆਉਣ ’ਤੇ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦੀ ਨੁਕਤਾਚੀਨੀ ਸ਼ੁਰੂ ਹੋ ਗਈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ‘ਆਪ’ ਆਗੂ ਹਰਮੀਤ ਪਠਾਣਮਾਜਰਾ, ਪ੍ਰੋੋ. ਸੁੁਮੇਰ ਸਿੰਘ ਅਤੇ ਇੰਦਰਜੀਤ ਸਿੰਘ ਸੰਧੂ ਸਮੇਤ ਕਈ ਹੋਰ ‘ਆਪ’ ਆਗੂਆਂ ਨੇ ਇਸ ਸਬੰਧੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ। ਇਸ ਮਾਮਲੇ ਦੇ ਵਧੇਰੇ ਤੂਲ ਫੜਨ ਮਗਰੋਂ ਆਪਣੇ ਫੇਸਬੁੱਕ ਪੇਜ ’ਤੇ ਪੱਖ ਰੱਖਦਿਆਂ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਟਾਫ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਹਸਪਤਾਲ ਅਧਿਕਾਰੀਆਂ ਨੇ ਦੋਸ਼ ਨਕਾਰੇ
ਰਾਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਨੇ ਸਟਾਫ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਮੁੱਢੋਂ ਰੱਦ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਸੀ ਕਿ ਅਸਲ ’ਚ ਇਹ ਸਟਾਫ਼ ਉੱਚ ਪਾਏ ਦੀਆਂ ਕੁਝ ਅਜਿਹੀਆਂ ਸੁਵਿਧਾਵਾਂ ਭਾਲ ਰਿਹਾ ਸੀ, ਜੋ ਨਾਵਾਜਬ ਸਨ, ਜਿਵੇਂ ਕਿ ਹੋਸਟਲ ਤੋਂ ਹਸਪਤਾਲ ਤੱਕ ਜਾਣ ਲਈ ਏਸੀ ਬੱਸ ਆਦਿ।
ਲੋਕ ਸੇਵਾ ਤੋਂ ਭੱਜ ਕੇ ਏਮਜ਼ ਦੇ ਨਰਸਿੰਗ ਸਟਾਫ਼ ਨੇ ਕਿੱਤੇ ਨਾਲ ਧਰੋਹ ਕਮਾਇਆ: ਸੋਨੀ
ਇਸ ਮਾਮਲੇ ’ਤੇ ਡਾਕਟਰੀ ਸਿੱਖਿਆ ਅਤੇ ਖੋਜਾਂ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਕੋਵਿਡ ਸੰਕਟ ਦੀ ਘੜੀ ਵਿੱਚ ਲੋਕ ਸੇਵਾ ਤੋਂ ਭੱਜ ਕੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ਼ ਨੇ ਆਪਣੇ ਕਿੱਤੇ ਨਾਲ ਧਰੋਹ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆਂ ਸੰਕਟ ਦੀ ਇਸ ਘੜੀ ਵਿੱਚ ਡਾਕਟਰਾਂ ਅਤੇ ਸਟਾਫ਼ ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਰਾਹੀਂ ਇਸ ਘਾਤਕ ਵਾਇਰਸ ਦਾ ਟਾਕਰਾ ਕਰ ਰਹੀ ਹੈ ਅਤੇ ਆਮ ਲੋਕ ਵੀ ਮਨੁੱਖਤਾ ਲਈ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪੀੜਤਾਂ ਦੀ ਮਦਦ ਕਰ ਰਹੇ ਹਨ ਤਾਂ ਉਸ ਸਮੇਂ ਏਮਜ਼ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਰਾਜਿੰਦਰਾ ਹਸਪਤਾਲ ਵਿੱਚ ਕਰੋਨਾ ਮਰੀਜ਼ਾਂ ਦੀ ਤੀਮਾਰਦਾਰੀ ਲਈ ਭੇਜੇ ਗਏ ਨਰਸਿੰਗ ਸਟਾਫ਼ ਵੱਲੋਂ ਬਿਨਾਂ ਕਾਰਨ ਧਰਨਾ ਲਗਾ ਕੇ ਜ਼ਿੰਦਗੀ ਲਈ ਲੜ ਰਹੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਰਸ਼ ਨਰਸਿੰਗ ਸਟਾਫ਼ ਆਉਣ ਦੀ ਸੂਚਨਾ ਮਿਲਣ ’ਤੇ ਸੋਮਵਾਰ ਸ਼ਾਮ ਨੂੰ ਇਨ੍ਹਾਂ ਦੇ ਰਹਿਣ ਦਾ ਪ੍ਰਬੰਧ ਫਿਜ਼ੀਕਲ ਕਾਲਜ ਦੇ ਹੋਸਟਲ ਵਿੱਚ ਕੀਤਾ ਸੀ ਜਿਸ ਦੌਰਾਨ ਸਾਰੇ ਲੋੜੀਂਦੇ ਪ੍ਰਬੰਧ ਹੋਸਟਲ ਵਾਰਡਨ ਵੱਲੋਂ ਐੱਸਡੀਐੱਮ, ਪਿ੍ੰਸੀਪਲ ਅਤੇ ਮੈਡੀਕਲ ਸੁਪਰਡੈਂਟ ਦੀ ਮੌਜੂਦਗੀ ’ਚ ਕਰਵਾਏ ਗਏ ਸਨ। ਉਨ੍ਹਾਂ ਹੋਸਟਲ ਮੈੱਸ ਵਿੱਚ ਵਧੀਆ ਖਾਣੇ ਦਾ ਪ੍ਰਬੰਧ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਲਈ ਲਿਜਾਇਆ ਗਿਆ ਤਾਂ ਸਟਾਫ਼ ਨੇ ਪੀਪੀਈ ਕਿੱਟ ਨਾ ਪਹਿਨਣੀ ਆਉਂਦੀ ਸਮੇਤ ਸੈਂਪਲ ਲੈਣ ਵਿੱਚ ਵੀ ਅਸਮਰਥੱਤਾ ਜ਼ਾਹਰ ਕਰਨ ਸਮੇਤ ਉੱਚ ਅਧਿਕਾਰੀਆਂ ਨਾਲ ਬਦਤਮੀਜ਼ੀ ਵੀ ਕੀਤੀ ਗਈ। ਸ੍ਰੀ ਸੋਨੀ ਨੇ ਸ਼ੰਕਾ ਜ਼ਾਹਰ ਕੀਤੀ ਕਿ ਸਟਾਫ਼ ਵੱਲੋਂ ਕਿਸੇ ਸਿਆਸੀ ਸਾਜਿਸ਼ ਦਾ ਹਿੱਸਾ ਬਣਦਿਆਂ ਹੀ ਅਜਿਹਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਅਣਜਾਣ ਅਤੇ ਅਨੁਸ਼ਾਸਨਹੀਣ ਮੇਲ ਨਰਸਿੰਗ ਸਟਾਫ਼ ਨੂੰ ਤੁਰੰਤ ਵਾਪਸ ਭੇਜ ਦਿੱਤਾ ਗਿਆ ਹੈ।