ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 8 ਸਤੰਬਰ
ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ’ਤੇ ਕੰਪਨੀ ਬਾਗ ਵਿਚ ਸੁਖਰਾਜ ਸਿੰਘ ਸਰਕਾਰੀਆ, ਬਿਕਰਮਜੀਤ ਸਿੰਘ ਸ਼ਾਹ ਅਤੇ ਸੁਖਦੇਵ ਸਿੰਘ ਸਿੱਧੂ ਦੀ ਅਗਵਾਈ ਜ਼ਿਲ੍ਹਾ ਪੱਧਰੀ ਰੈਲੀ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ ਤੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ। ਰੈਲੀ ਨੂੰ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਕਵਲਜੀਤ ਸਿੰਘ ਬੱਲ ਨੇ ਆਹਲੂਵਾਲੀਆ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਸੌਂਪੀ ਮੁਲਾਜ਼ਮ ਅਤੇ ਲੋਕ ਵਿਰੋਧੀ ਰਿਪੋਰਟ ਦੀ ਸਖ਼ਤ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਇਸੇ ਆਹਲੂਵਾਲੀਆ ਨੇ 2013 ਵਿੱਚ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਹੁੰਦਿਆਂ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਦੇਸ਼ ਦੇ ਪਿੰਡਾਂ ਅੰਦਰ 22 ਰੁਪਏ ਅਤੇ ਸ਼ਹਿਰਾਂ ਅੰਦਰ 28 ਰੁਪਏ ਦਿਹਾੜੀ ਕਮਾਉਣ ਵਾਲੇ ਲੋਕ ਗਰੀਬ ਨਹੀਂ ਹਨ ਅਤੇ ਉਸੇ ਸਮੇਂ ਆਪਣੇ ਦਫ਼ਤਰ ਦੇ ਬਾਥਰੂਮ ’ਤੇ 35 ਲੱਖ ਰੁਪਏ ਖ਼ਰਚ ਦਿੱਤੇ ਸਨ ਤੇ ਹੁਣ ਉਹੀ ਪੰਜਾਬ ਸਰਕਾਰ ਨੂੰ ਖਰਚੇ ਘੱਟ ਕਰਨ ਦੀਆਂ ਸਿਫ਼ਾਰਸ਼ਾਂ ਕਰ ਰਿਹਾ ਹੈ।