ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਡਾਂਡੀ(ਗੁਜਰਾਤ) ਤੋਂ ਸ਼ੁਰੂ ਹੋਈ ਮਿੱਟੀ ਸੱਤਿਆਗ੍ਰਹਿ ਯਾਤਰਾ ਦਾ ਪਿੰਡ ਛਾਜਲੀ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਯਾਤਰਾ ਦੀ ਅਗਵਾਈ ਕਰ ਰਹੀ ਉੱਘੀ ਸਮਾਜਿਕ-ਕਾਰਕੁਨ ਮੇਧਾ ਪਟਕਰ ਨੇ ਕਿਹਾ ਕਿ ਉਹ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਮਿੱਟੀ ਇਕੱਠੀ ਕਰ ਕੇ ਦੇਸ਼ ਦੇ ਲੋਕਾਂ ਅਤੇ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਦੇਸ਼ ਨੂੰ ਜੋੜਨ ਦੇ ਵਿੱਚ ਯਕੀਨ ਰੱਖਦੇ ਹਨ। ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਇਕੱਠੀ ਕੀਤੀ ਮਿੱਟੀ ਦਿੱਲੀ ਦੇ ਕਿਸਾਨ-ਮੋਰਚਿਆਂ ’ਚ ਲਿਜਾ ਕੇ ਕਿਸਾਨ-ਅੰਦੋਲਨ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇਗੀ। ਕਿਸੇ ਵੀ ਕੀਮਤ ’ਤੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਨਹੀਂ ਹੋਣ ਦਿੱਤਾ ਜਾਵੇਗਾ। ਕੇਂਦਰ ਸਰਕਾਰ ਨੂੰ ਦੇਸ਼ ਦੇ ਸਾਰੇ ਵਰਗਾਂ ਦੇ ਹਿੱਤਾਂ ਨੂੰ ਵੇਖਦਿਆਂ ਖੇਤੀ-ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਅਮਨ-ਸ਼ਾਂਤੀ ਅਤੇ ਭਾਈਚਾਰੇ ਦੀ ਮਿਸਾਲ ਬਣੇ ਕਿਸਾਨ-ਅੰਦੋਲਨ ਨੇ ਦੁਨੀਆਂ ਭਰ ’ਚ ਆਪਣੀ ਆਵਾਜ਼ ਪਹੁੰਚਾਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਸੁਨੀਲਮ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼-ਵਿਆਪੀ ਅੰਦੋਲਨ ’ਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ, ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਇਕਾਈ ਪ੍ਰਧਾਨ ਸੰਤਰਾਮ ਛਾਜਲੀ, ਡੈਮੋਕ੍ਰੇਟਿਕ ਟੀਚਰਜ਼ ਦੇ ਸੂਬਾ ਆਗੂ ਹਰਭਗਵਾਨ ਗੁਰਨੇ, ਕਰਮ ਸਿੰਘ ਛਾਜਲੀ, ਪ੍ਰੇਮ ਸਰੂਪ ਛਾਜਲੀ, ਜਸਵੀਰ ਲਾਡੀ, ਤਾਰਾ ਸਿੰਘ, ਸ਼ੇਰ ਸਿੰਘ ਛਾਜਲੀ, ਮਾਸਟਰ ਰਘਵੀਰ ਸਿੰਘ ਭੁਟਾਲ, ਰਣਜੀਤ ਲਹਿਰਾ, ਸ਼ਮਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ(ਬੀਰਇੰਦਰ ਬਨਭੌਰੀ): ਮੇਧਾ ਪਟਕਰ ਦਾ ਅੱਜ ਸੁਨਾਮ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸੁਨਾਮ ਦੇ ਸਟੇਡੀਅਮ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ’ਤੇ ਨਤਮਸਤਕ ਹੁੰਦਿਆਂ ਮੇਧਾ ਪਟਕਰ ਨੇ ਕਿਹਾ ਕਿ ਜਦੋਂ ਅੰਗਰੇਜ਼ਾਂ ਨੇ ਲੂਣ ਉਤੇ ਟੈਕਸ ਲਾ ਦਿੱਤਾ ਸੀ ਅਤੇ ਮਹਾਤਮਾ ਗਾਂਧੀ ਵੱਲੋਂ ਡਾਂਡੀ ਯਾਤਰਾ ਕਰ ਵਿਰੋਧਤਾ ਕੀਤਾ ਸੀ ਤੇ ਅੱਜ ਦੇਸ਼ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਸਾਜ਼ਿਸ਼ ਰਚੀ ਗਈ ਹੈ।
ਉਨ੍ਹਾਂ ਕਿਹਾ ਕਿ ਮਿੱਟੀ ਸੱਤਿਆਗ੍ਰਹਿ ਯਾਤਰਾ ਦਾ ਮਤਲਬ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਦੇਸ਼ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ। ਇਸ ਮੌਕੇ ਤਰਕਸ਼ੀਲ ਸੁਸਾਇਟੀ ਅਤੇ ਕੰਬੋਜ ਭਾਈਚਾਰੇ ਵੱਲੋਂ ਸਾਂਝੇ ਰੂਪ ਚ ਵਿੱਚ ਮਧਾ ਪਟਕਰ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੋਫ਼ੈਸਰ ਸੁਲੇਮਾਨ ਨੇ ਸੰਬੋਧਨ ਕੀਤਾ। ਇਤਿਹਾਸਕਾਰ ਰਾਕੇਸ਼ ਕੁਮਾਰ ਵੱਲੋਂ ਮੇਧਾ ਪਟਕਰ ਨੂੰ ਆਪਣੀ ਕਿਤਾਬ ਭੇਟ ਕੀਤੀ ਗਈ। ਇਸ ਮੌਕੇ ਭੋਲਾ ਸਿੰਘ ਸੰਗਰਾਮੀ,’ ਜੰਗੀਰ ਸਿੰਘ ਰਤਨ, ਹਰਿੰਦਰ ਲਾਲੀ, ਸੰਜੀਵ ਸੁਨਾਮ, ਪਦਮ ਕੁਮਾਰ, ਮਾਸਟਰ ਕੇਹਰ ਸਿੰਘ ਜੋਸਨ ਤੇ ਗੁਰਬਚਨ ਸਿੰਘ ਹਾਜ਼ਰ ਸਨ।