ਚਰਨਜੀਤ ਭੁੱਲਰ
ਚੰਡੀਗੜ੍ਹ, 7 ਅਗਸਤ
ਮਸ਼ਹੂਰ ਗਾਇਕ ਜੋੜੀ ਵਾਰਿਸ ਬ੍ਰਦਰਜ਼ ਨੇ ਹੁਣ ਕੇਂਦਰੀ ਖੇਤੀ ਆਰਡੀਨੈਂਸਾਂ ਨਾਲ ਪੰਜਾਬ ਦੀ ਕਿਸਾਨੀ ਨੂੰ ਵੱਜਣ ਵਾਲੀ ਸੱਟ ਨੂੰ ਬੋਲ ਦਿੱਤੇ ਹਨ। ਦਰਜਨਾਂ ਗਾਣੇ ਹਨ ਜੋ ਕਿਸਾਨੀ ਦੀ ਦੁਖਦੀ ਰਗ ’ਤੇ ਹੱਥ ਰੱਖਦੇ ਹਨ ਪ੍ਰੰਤੂ ਕੇਂਦਰੀ ਆਰਡੀਨੈਂਸਾਂ ਦੀ ਮਾਰ ਮਗਰੋਂ ਕਿਸਾਨਾਂ ਦੀ ਹੋਣ ਵਾਲੀ ਦੁਰਦਸ਼ਾ ਨੂੰ ਵਾਰਿਸ ਭਰਾਵਾਂ ਨੇ ਆਪਣੇ ਨਵੇਂ ਗੀਤ ’ਚ ਪਰੋਇਆ ਹੈ। ਅੱਠ ਅਗਸਤ ਨੂੰ ਇਹ ਨਵਾਂ ਗੀਤ ਰਿਲੀਜ਼ ਹੋਣਾ ਹੈ ਜਦੋਂ ਕਿ 15 ਅਗਸਤ ਤੋਂ ਕਿਸਾਨ ਧਿਰਾਂ ਕੇਂਦਰੀ ਆਰਡੀਨੈਂਸਾਂ ਦੇ ਮਸਲੇ ’ਤੇ ਮੈਦਾਨ ‘ਚ ਮੁੜ ਕੁੱਦਣਗੀਆਂ। ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ (ਵਾਰਿਸ ਭਰਾ) ਦੀ ਤਿੱਕੜੀ ਨੇ ਇਹ ਨਵਾਂ ਗੀਤ ਗਾਇਆ ਹੈ। ਜਗਰਾਓਂ ਦੇ ਗਿੱਲ ਰੌਂਤਾ ਨੇ ਇਹ ਗੀਤ ਲਿਖਿਆ ਹੈ। ਗਾਇਕ ਮਨਮੋਹਨ ਵਾਰਿਸ ਦਾ ਕਹਿਣਾ ਹੈ ਕਿ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਉਹ ਕਿਸਾਨੀ ਦੀ ਮੰਦਹਾਲੀ ਨੂੰ ਨੇੜਿਓਂ ਸਮਝਦੇ ਹਨ। ਹੁਣ ਜੋ ਖੇਤੀ ਆਰਡੀਨੈਂਸ ਥੋਪੇ ਜਾ ਰਹੇ ਹਨ, ਉਹ ਕਿਸਾਨਾਂ ਨੂੰ ਮੌਤ ਦੇ ਮੂੰਹ ਧੱਕਣ ਵਾਲੇ ਹਨ। ਉਨ੍ਹਾਂ ਕਿਹਾ ਕਿ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਕਾਰਪੋਰੇਟ ਦੀ ਨਵੀਂ ਮੰਡੀ ਨੇ ਢਾਹ ਲਾਉਣੀ ਹੈ। ਮਨਮੋਹਨ ਵਾਰਿਸ ਨੇ ਕਿਹਾ ਕਿ ਕਲਾਕਾਰ ਹੋਣ ਦੇ ਨਾਤੇ ਇਸ ਗਾਣੇ ਜ਼ਰੀਏ ਉਨ੍ਹਾਂ ਨੇ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਇਹ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਲਾਕਾਰ ਹੋਣ ਕਰਕੇ ਉਹ ਕਿਸੇ ਤਰੀਕੇ ਨਾਲ ਰੋਸ ਜ਼ਾਹਿਰ ਨਹੀਂ ਕਰ ਸਕਦੇ ਹਨ ਜਿਸ ਕਰਕੇ ਇਹ ਗਾਣਾ ਦਿੱਤਾ ਜਾ ਰਿਹਾ ਹੈ। ਨੌਜਵਾਨ ਆਗੂ ਰਣਦੀਪ ਸੰਗਤਪੁਰਾ ਆਖਦੇ ਹਨ ਕਿ ਵਾਰਿਸ ਭਰਾਵਾਂ ਨੇ ਹਮੇਸ਼ਾ ਅਗਾਂਹਵਧੂ ਅਤੇ ਚੰਗੀ ਸੋਚ ਵਾਲੇ ਗਾਣੇ ਗਾਏ ਹਨ। ਉਨ੍ਹਾਂ ਨੇ ‘ਅਸੀਂ ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖਿਓ’ ਦਾ ਜ਼ਿਕਰ ਵੀ ਕੀਤਾ। ਦੇਖਿਆ ਜਾਵੇ ਤਾਂ ਖੇਤੀ ਆਰਡੀਨੈਂਸਾਂ ਤੇ ਇਹ ਪਹਿਲਾ ਗੀਤ ਹੋਵੇਗਾ। ਕਿਸਾਨ ਧਿਰਾਂ ਇਸ ਗਾਣੇ ਨੂੰ ਸੰਘਰਸ਼ਾਂ ਦਾ ਹਿੱਸਾ ਬਣਾ ਸਕਦੀਆਂ ਹਨ। ਇਸ ਤੋਂ ਪਹਿਲਾਂ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਵੀ ‘ਜੱਟ ਦੇ ਪੁੱਤ ਨੂੰ ਖੜਨਾ ਪੈ ਗਿਆ ਲੇਬਰ ਚੌਕ ‘ਚ ਆ ਕੇ’ ਲਿਖਿਆ ਸੀ। ਕੁਝ ਸਮਾਂ ਪਹਿਲਾਂ ਗਾਇਕ ਐਮੀ ਵਿਰਕ ਨੇ ਕਿਸਾਨੀ ਦੀ ਤਰਾਸਦੀ ’ਤੇ ਗੀਤ ਗਾਇਆ ਸੀ ‘ਮੈਂ ਤੇ ਸੀਰੀ ਰੋਂਦੇ ਰਹੇ, ਜਦ ਖੇਤ ਦੀ ਬੋਲੀ ਲੱਗਦੀ ਰਹੀ’।