ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਗਸਤ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਅੱਜ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇੱਥੇ ਜੱਲ੍ਹਿਆਂਵਾਲਾ ਬਾਗ਼ ਦੇ ਬਾਹਰ ਮੌਨ ਧਾਰਨ ਕਰ ਕੇ ਇਨ੍ਹਾਂ ਬਿੱਲਾਂ ਖ਼ਿਲਾਫ਼ ਰੋਸ ਵਿਖਾਵਾ ਕੀਤਾ।
11 ਤੋਂ 1 ਵਜੇ ਤਕ ਦੋ ਘੰਟੇ ਲਈ ਸੰਕੇਤਕ ਮੌਨ ਧਾਰਨ ਕਰਦਿਆਂ ਉਨ੍ਹਾਂ ਨੇ ਸ਼ਹੀਦਾਂ ਦੀ ਧਰਤੀ ’ਤੇ ਬੈਠ ਕੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਕੁਝ ਸਾਥੀ ਵੀ ਉਨ੍ਹਾਂ ਨਾਲ ਮੌਜੂਦ ਸਨ, ਜਿਨ੍ਹਾਂ ਨੇ ਮੂੰਹ ’ਤੇ ਮਾਸਕ ਪਾਏ ਹੋਏ ਸਨ ਅਤੇ ਰੋਸ ਵਜੋਂ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਖੇਤੀ ਬਿੱਲਾਂ ਖ਼ਿਲਾਫ਼ ਅਤੇ ਵਿਦਿਆਰਥੀ ਹੱਕਾਂ ਲਈ ਆਵਾਜ਼ ਬੁਲੰਦ ਕਰਦੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਸ੍ਰੀ ਔਜਲਾ ਨੇ ਇਨ੍ਹਾਂ ਤਖ਼ਤੀਆਂ ਰਾਹੀਂ ਰੋਸ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ‘ਕਿਸਾਨ ਵਿਰੋਧੀ’ ਤੇ ‘ਵਿਦਿਆਰਥੀ ਵਿਰੋਧੀ’ ਗਰਦਾਨਿਆ। ਉਨ੍ਹਾਂ ਖੇਤੀ ਬਾਰੇ ਜਾਰੀ ਤਿੰਨੋਂ ਬਿੱਲ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨੀਟ ਤੇ ਜੇਈਈ ਦੀ ਪ੍ਰੀਖਿਆ ਰੱਦ ਕਰਨ ਤੇ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਨਾ ਕਰਨ ਦੀ ਮੰਗ ਕੀਤੀ ਗਈ। ਉਹ ਲੱਗਪਗ ਦੋ ਘੰਟੇ ਜੱਲ੍ਹਿਆਂਵਾਲਾ ਬਾਗ਼ ਦੇ ਬਾਹਰ ਧਰਨੇ ’ਤੇ ਬੈਠੇ ਰਹੇ।
ਖੇਤੀ ਆਰਡੀਨੈਂਸਾਂ ਵਿਰੁੱਧ ਮਤਾ ਪੇਸ਼ ਹੋਣਾ ਲੋਕ ਇਨਸਾਫ ਪਾਰਟੀ ਦੇ ਸੰਘਰਸ਼ ਦੀ ਜਿੱਤ: ਬੈਂਸ
ਲੁਧਿਆਣਾ/ਫਗਵਾੜਾ (ਗਗਨਦੀਪ ਅਰੋੜਾ/ਜਸਬੀਰ ਸਿੰਘ ਚਾਨਾ): ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਤੀ ਆਡੀਨੈਂਸ ਵਿਰੁੱਧ ਮਤਾ ਪੇਸ਼ ਕਰਨਾ ਲੋਕ ਇਨਸਾਫ਼ ਪਾਰਟੀ ਵੱਲੋਂ ਜੱਲ੍ਹਿਆਂਵਾਲਾ ਬਾਗ ਤੋਂ ਲੈ ਕੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਕੋਠੀ ਤੱਕ ਸਾਈਕਲ ਮਾਰਚ ਕਰਕੇ ਕੀਤੇ ਗਏ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਪਾਰਟੀ ਦੇ ਵਰਕਰਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਰੋਜ਼ 60-70 ਕਿਲੋਮੀਟਰ ਸਾਈਕਲ ਚਲਾ ਕੇ ਸੂੁਬੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ। ਇਹ ਸੰਘਰਸ਼ ਉਸ ਵੇਲੇ ਕੀਤਾ ਗਿਆ ਜਦੋਂ ਕੋਈ ਵੀ ਸਿਆਸੀ ਆਗੂ ਆਪਣੇ ਘਰੋਂ ਬਾਹਰ ਨਿਕਲਣ ਤੋਂ ਡਰਦਾ ਸੀ। ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ ਦੇ ਡੋਗਰੇ ਬਣੇ ਫਿਰਦੇ ਬਾਦਲ ਪਰਿਵਾਰ ਦੇ ਵਿਧਾਇਕਾਂ ’ਚੋਂ ਇੱਕ ਵੀ ਵਿਧਾਨ ਸਭਾ ਵਿੱਚ ਹਾਜ਼ਰ ਨਹੀਂ ਹੋਇਆ। ਇਹ ਬਾਦਲ ਪਰਿਵਾਰ ਦੇ ਡਰੇ ਹੋਣ ਦਾ ਸੰਕੇਤ ਹੈ ਕਿ ਉਹ ਕਿਹੜਾ ਮੂੰਹ ਲੈ ਕੇ ਲੋਕਾਂ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਜੇ ਵਿਧਾਨ ਸਭਾ ਵਿਚ ਪ੍ਰਸਤਾਵ ਲਿਆ ਕੇ ਪੰਜਾਬ ਵਿਰੋਧੀ ਇਸ ਆਰਡੀਨੈਂਸ ਨੂੰ ਰੱਦ ਨਾ ਕੀਤਾ ਜਾਂਦਾ ਤਾਂ ਪੰਜਾਬ ਦੀਆਂ ਪ੍ਰਮੁੱਖ ਫਸਲਾਂ ਕਣਕ ਅਤੇ ਝੋਨੇ ਦਾ ਵੀ ਮੱਕੀ ਵਾਲਾ ਹੀ ਹਾਲ ਹੋਣਾ ਸੀ। ਇਸੇ ਦੌਰਾਨ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਫਗਵਾੜਾ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਹੋਏ ਘੁਟਾਲੇ ਬਾਰੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਪਹਿਲੀ ਸਤੰਬਰ ਨੂੰ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਾਧੂ ਸਿੰਘ ਧਰਮਸੋਤ ਦੇ ਅਸਤੀਫ਼ੇ ਲਈ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ।