ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਨਵੰਬਰ
ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਤੋਂ ਪੰਜਾਬ ਲਈ ਯੂਰੀਆ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰ ਨੂੰ ਦੱਸਿਆ ਕਿ ਸੂਬੇ ਵਿੱਚ 15 ਦਸੰਬਰ ਤੱਕ 5 ਲੱਖ ਮੀਟਰਿਕ ਟਨ ਯੂਰੀਆ ਚਾਹੀਦਾ ਹੈ| ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਆਨਲਾਈਨ ਮੀਟਿੰਗ ਦੌਰਾਨ ਕਿਹਾ ਕਿ ਕਣਕ ਦੀ ਬਿਜਾਈ ਦੇ ਪਹਿਲੇ 25 ਦਿਨਾਂ ’ਚ ਲੋੜੀਂਦੀ ਮਾਤਰਾ ਵਿੱਚ ਯੂਰੀਆ ਦੀ ਲੋੜ ਹੁੰਦੀ ਹੈ| ਪੰਜਾਬ ’ਚ ਹੁਣ ਤੱਕ ਕੁੱਲ 6.72 ਲੱਖ ਮੀਟਰਕ ਟਨ ਯੂਰੀਆ ਉਪਲੱਬਧ ਹੈ ਜਦਕਿ ਕਿਸਾਨਾਂ ਨੂੰ ਇਸ ਸਮੇਂ 5 ਐਲਐਮਟੀ ਯੂਰੀਆ ਲੋੜੀਂਦਾ ਹੈ| ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ, ਜੋ ਕਿ ਲਗਪਗ ਮੁਕੰਮਲ ਹੋ ਚੁੱਕੀ ਹੈ| ਖੇਤੀਬਾੜੀ ਮੰਤਰੀ ਨੇ ਸੂਬੇ ਵਿੱਚ ਯੂਰੀਆ ਅਤੇ ਡੀਏਪੀ ਦੇ ਸਟਾਕ ਦੀ ਵੀ ਸਮੀਖਿਆ ਕੀਤੀ।