ਚਰਨਜੀਤ ਭੁੱਲਰ
ਚੰਡੀਗੜ੍ਹ, 13 ਅਕਤੂਬਰ
ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨਾਂ ਦੀ ਨੀਂਦ ਤੇ ਚੈਨ ਖੋਹ ਲਏ ਹਨ। ਕੇਂਦਰੀ ਕੈਬਨਿਟ ਵੱਲੋਂ ਖੇਤੀ ਕਾਨੂੰਨਾਂ ਬਾਰੇ ਜੋ ਫ਼ੈਸਲਾ ਲਿਆ ਗਿਆ ਹੈ, ਉਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਖੇਤਾਂ ਦੀ ਹੋਣੀ ਲਿਖੀ ਹੈ, ਉਨ੍ਹਾਂ ਕੋਲ ਖੇਤੀ ਯੋਗ ਜ਼ਮੀਨ ਹੀ ਨਹੀਂ ਹੈ। ਕੇਂਦਰੀ ਕੈਬਨਿਟ ਦੇ 60 ਫ਼ੀਸਦੀ ਵਜ਼ੀਰ, ਜਿਨ੍ਹਾਂ ਨੇ ਖੇਤੀ ਕਾਨੂੰਨਾਂ ਲਈ ਹਰੀ ਝੰਡੀ ਦਿੱਤੀ ਹੈ, ਉਨ੍ਹਾਂ ਕੋਲ ਖੇਤੀ ਵਾਲੀ ਜ਼ਮੀਨ ਨਹੀਂ ਹੈ। ਕੇਂਦਰੀ ਕੈਬਨਿਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਦੋ ਦਰਜਨ ਕੇਂਦਰੀ ਵਜ਼ੀਰ ਹਨ, ਜਿਨ੍ਹਾਂ ’ਚੋਂ ਹਰਸਿਮਰਤ ਕੌਰ ਬਾਦਲ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਅਸਤੀਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਤਾਜ਼ਾ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਖੇਤੀ ਵਾਲੀ ਜ਼ਮੀਨ ਨਹੀਂ ਹੈ। ਉਨ੍ਹਾਂ ਕੋਲ ਗ਼ੈਰ ਖੇਤੀ ਵਾਲੀ ਅਤੇ ਵਪਾਰਕ ਸੰਪਤੀ ਵੀ ਨਹੀਂ ਹੈ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ, ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਭਲੇ ਵਾਲੇ ਦੱਸ ਰਹੇ ਹਨ, ਕੋਲ ਇਕ ਮਰਲਾ ਵੀ ਖੇਤ ਨਹੀਂ ਹਨ। ਇਸੇ ਤਰ੍ਹਾਂ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਪ੍ਰਧਾਨ ਮੰਤਰੀ ਅਤੇ ਇਹ ਦੋਵੇਂ ਵਜ਼ੀਰ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਸਭ ਦੁੱਖਾਂ ਦੀ ਦਾਰੂ ਦੱਸ ਰਹੇ ਹਨ। ਦੇਖਿਆ ਜਾਵੇ ਤਾਂ 17ਵੀਂ ਲੋਕ ਸਭਾ ਵਿਚ ਆਪਣੇ ਆਪ ਨੂੰ ਕਿਸਾਨ ਦੱਸਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 191 ਬਣਦੀ ਹੈ। ਤਾਜ਼ਾ ਸਰਕਾਰੀ ਤੱਥਾਂ ਅਨੁਸਾਰ ਦੋ ਦਰਜਨ ਕੇਂਦਰੀ ਵਜ਼ੀਰਾਂ ’ਚੋਂ 14 ਕੋਲ ਖੇਤ ਨਹੀਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ 1.47 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ, ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ 80.23 ਲੱਖ ਦੀ 10.77 ਏਕੜ ਖੇਤੀਯੋਗ ਜ਼ਮੀਨ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਮੁਖਤਾਰ ਅੱਬਾਸ ਨਕਵੀ ਦੀ ਪਤਨੀ ਕੋਲ 13 ਬਿਘੇ ਜ਼ਮੀਨ ਹੈ। ਕੇਂਦਰੀ ਵਜ਼ੀਰ ਪ੍ਰਹਿਲਾਦ ਜੋਸ਼ੀ, ਮਹਿੰਦਰ ਨਾਥ ਪਾਂਡੇ, ਗਿਰੀਰਾਜ ਸਿੰਘ, ਪਿਯੂਸ਼ ਗੋਇਲ, ਡਾ. ਹਰਸ਼ ਵਰਧਨ, ਅਰਜਨ ਮੁੰਡਾ, ਸੁਬਰਾਮਨੀਅਮ ਜੈ ਸ਼ੰਕਰ, ਥਾਵਰ ਚੰਦ ਗਹਿਲੋਤ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਨਿਤਿਨ ਗਡਕਰੀ ਕੋਲ 20 ਏਕੜ ਜ਼ਮੀਨ ਹੈ। ਸਮ੍ਰਿਤੀ ਇਰਾਨੀ ਕੋਲ ਵੀ 45 ਲੱਖ ਦੀ ਖੇਤੀ ਵਾਲੀ ਜ਼ਮੀਨ ਹੈ, ਜਦਕਿ ਰਵੀ ਸ਼ੰਕਰ ਪ੍ਰਸਾਦ ਕੋਲ ਡੇਢ ਏਕੜ ਜ਼ਮੀਨ ਹੈ। ਮਰਹੂਮ ਰਾਮ ਵਿਲਾਸ ਪਾਸਵਾਨ ਦੇ ਨਾਮ ’ਤੇ ਵੀ 15 ਏਕੜ ਜ਼ਮੀਨ ਹੈ। ਭਾਵੇਂ ਹਰਸਿਮਰਤ ਕੌਰ ਬਾਦਲ ਨੇ ਹੁਣ ਅਸਤੀਫ਼ਾ ਦੇ ਦਿੱਤਾ ਹੈ ਪਰ ਕੇਂਦਰੀ ਕੈਬਨਿਟ ਵੱਲੋਂ ਫ਼ੈਸਲੇ ਲੈਣ ਸਮੇਂ ਉਹ ਵਜ਼ੀਰ ਸਨ। ਉਨ੍ਹਾਂ ਕੋਲ ਸਭ ਤੋਂ ਵੱਧ 49.97 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜਿਨ੍ਹਾਂ ਨੂੰ ਖੇਤੀ ਦੇ ਨਫ਼ੇ-ਨੁਕਸਾਨ ਦਾ ਹੀ ਪਤਾ ਨਹੀਂ, ਉਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਇਬਾਰਤ ਲਿਖ ਦਿੱਤੀ ਹੈ।
ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਫ਼ਾਜ਼ਿਲਕਾ ਨੇ ਕਿਹਾ ਕਿ ਖੇਤਾਂ ਦੀ ਮਿੱਟੀ ਨਾਲ ਜੁੜਿਆ ਆਗੂ ਹੀ ਖੇਤਾਂ ਦੇ ਭਵਿੱਖ ਵਾਲੇ ਫ਼ੈਸਲੇ ਲੈ ਸਕਦਾ ਹੈ।
ਨਰਿੰਦਰ ਮੋਦੀ ਪਤਨੀ ਦੀ ਸੰਪਤੀ ਬਾਰੇ ਬੇਖ਼ਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਸ ਵੇਲੇ 2.85 ਕਰੋੜ ਦੀ ਜਾਇਦਾਦ ਹੈ। ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਉਨ੍ਹਾਂ ਕੋਲ 1.10 ਕਰੋੜ ਰੁਪਏ ਦੀ ਜਾਇਦਾਦ ਸੀ। 30 ਜੂਨ, 2020 ਨੂੰ ਦਿੱਤੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਕੋਲ 1.10 ਕਰੋੜ ਦੀ ਅਚੱਲ ਸੰਪਤੀ ਹੈ, ਜਿਸ ਵਿਚ ਗਾਂਧੀਨਗਰ (ਗੁਜਰਾਤ) ਵਿਚ ਰਿਹਾਇਸ਼ੀ ਪਲਾਟ ਹੈ। ਨਰਿੰਦਰ ਮੋਦੀ ਆਪਣੀ ਪਤਨੀ ਜਸ਼ੋਧਾ ਬੇਨ ਦੀ ਸੰਪਤੀ ਬਾਰੇ ਬੇਖ਼ਬਰ ਹਨ।