ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਗਸਤ
ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੇ ਕੌਮਾਂਤਰੀ ਮਿਆਰਾਂ ਦੇ ਮੱਦੇਨਜ਼ਰ 10 ਤਰ੍ਹਾਂ ਦੇ ਕੀਟਨਾਸ਼ਕਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਖੇਤੀ ਮਹਿਕਮੇ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਕੇ ਇਨ੍ਹਾਂ ਦਸ ਤਰ੍ਹਾਂ ਦੇ ਕੀਟਨਾਸ਼ਕਾਂ ਦੇ ਭੰਡਾਰ ਅਤੇ ਵਿੱਕਰੀ ’ਤੇ ਰੋਕ ਲਗਾ ਦਿੱਤੀ ਹੈ। ਚੇਤੇ ਰਹੇ ਕਿ ਫੂਡ ਸੇਫਟੀ ਐਂਡ ਸਟੈਡਰਡ ਅਥਾਰਟੀ ਆਫ ਇੰਡੀਆ ਵੱਲੋਂ ਬਾਸਮਤੀ ’ਤੇ ਕੀਟਨਾਸ਼ਕਾਂ ਦੇ ਅਸਰਾਂ ਸਬੰਧੀ ਸਖ਼ਤ ਕਦਮ ਚੁੱਕਣੇ ਸ਼ੁਰੂ ਕਰਨ ਦੀ ਤਜਵੀਜ਼ ਬਣਾ ਲਈ ਗਈ ਸੀ। ਅਥਾਰਟੀ ਵੱਲੋਂ ਭਾਰਤੀ ਬਾਸਮਤੀ ਨੂੰ ਪੱਛਮੀ ਏਸ਼ੀਆ ਵਿਚ ਸਵੀਕਾਰਯੋਗ ਬਣਾਉਣ ਲਈ ਮਾਪਦੰਡਾਂ ਵਿੱਚ ਤਬਦੀਲੀ ਕਰਨ ਵਾਸਤੇ ਤਜਵੀਜ਼ ਘੜਨੀ ਸ਼ੁਰੂ ਕੀਤੀ ਗਈ ਸੀ। ਇਸ ਨਾਲ ਪੰਜਾਬ ਦੇ ਬਾਸਮਤੀ ਉਤਪਾਦਕਾਂ ਨੂੰ ਸੇਕ ਲੱਗਣਾ ਸੀ। ਖੇਤੀ ਮਹਿਕਮੇ ਨੇ ਇਸੇ ਕਰ ਕੇ ਹੁਣ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਈ ਹੈ ਤਾਂ ਜੋ ਅਜਿਹੀਆਂ ਰੋਕਾਂ ਤੋਂ ਬਚਿਆ ਜਾ ਸਕੇ।