ਪੱਤਰ ਪ੍ਰੇਰਕ
ਅੰਮ੍ਰਿਤਸਰ, 10 ਮਈ
ਲੇਖਕ ਗੁਰਨਾਮ ਸਿੰਘ ਤੀਰ ਦੀਆਂ ਸਾਹਿਤਕ ਕਿਰਤਾਂ ਨੂੰ ਸੰਭਾਲਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ’ਚ ਇਕ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਬੰਧੀ ਯੂਨੀਵਰਸਿਟੀ ਅਤੇ ਸ੍ਰੀ ਗੁਰਨਾਮ ਸਿੰਘ ਤੀਰ ਮੈਮੋਰੀਅਲ ਟਰੱਸਟ ਦਰਮਿਆਨ ਇਕ ਸਮਝੌਤਾ ਹੋਇਆ ਹੈ। ਗੁਰਨਾਮ ਸਿੰਘ ਤੀਰ ਇੱਕ ਹਾਸਰਸ ਲੇਖਕ ਸਨ, ਜੋ ‘ਚਾਚਾ ਚੰਡੀਗੜ੍ਹੀਆ’ ਵਜੋਂ ਹਫ਼ਤਾਵਾਰੀ ਕਾਲਮ ਵੀ ਲਿਖਦੇ ਸਨ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਤੀਰ ਨੂੰ ਵਿਅੰਗ ਦੀ ਸੂਝ ਸੀ ਅਤੇ ਉਨ੍ਹਾਂ ਨੇ ਅਖ਼ਬਾਰਾਂ ਦੇ ਮਾਣਮੱਤੇ ਕਾਲਮਾਂ ਵਿੱਚ ਆਪਣੀਆਂ ਸ਼ਾਨਦਾਰ ਲਿਖਤਾਂ ਰਾਹੀਂ ਨਾਮਣਾ ਖੱਟਿਆ। ਉਨ੍ਹਾਂ ਦੀ ਧੀ ਬੱਬੂ ਤੀਰ ਨੇ ਆਪਣੇ ਪਿਤਾ ਦੀ ਵਿਰਾਸਤ ਬਾਰੇ ਦੱਸਿਆ ਕਿ ਉਸ ਦੀ ਇਹ ਦਿਲੀ ਇੱਛਾ ਸੀ ਕਿ ਉਨ੍ਹਾਂ ਦੇ ਪਿਤਾ ਦੀਆਂ ਸਾਹਿਤਕ ਰਚਨਾਵਾਂ ਨੂੰ ਸੰਭਾਲਿਆ ਜਾਵੇ। ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈੱਲ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਭਾਈਵਾਲੀ ਤਹਿਤ ਖੋਜ ਅਤੇ ਅਧਿਐਨ ਦੇ ਉਦੇਸ਼ ਨਾਲ ਮਰਹੂਮ ਲੇਖਕ ਦੀਆਂ ਦੁਰਲੱਭ ਹੱਥ-ਲਿਖਤਾਂ, ਰਚਨਾਵਾਂ ਅਤੇ ਸੰਗ੍ਰਹਿ ਨੂੰ ਇਕੱਠਾ ਕੀਤਾ ਜਾਵੇਗਾ।