ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 25 ਜੂਨ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਦੀ ਅਗਨੀਪਥ ਯੋਜਨਾ ਨੂੰ ਦੇਸ਼ ਵਿਰੋਧੀ ਦੱਸਦਿਆਂ ਮੰਗ ਕੀਤੀ ਕਿ ਸਰਕਾਰ ਨੂੰ ਇਹ ਯੋਜਨਾ ਤੁਰੰਤ ਵਾਪਸ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਕਿਸੇ ਦਾ ਵੀ ਲਾਭ ਨਹੀਂ ਹੋਵੇਗਾ। ਉਹ ਅੱਜ ਇਥੇ ਆਪਣੇ ਸਾਥੀਆਂ ਨਾਲ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਦੇ ਮੁੱਦੇ ’ਤੇ ਮੀਟਿੰਗ ਕਰਨ ਪਹੁੰਚੇ ਸਨ।
ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਇੱਕ ਵਿਸ਼ੇਸ਼ ਅੰਦੋਲਨ ਸ਼ੁਰੂ ਕੀਤਾ ਜਾਵੇ, ਜਿਸ ਲਈ 5 ਅਗਸਤ ਨੂੰ ਮੁਹਾਲੀ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਸ਼ੁਰੂਆਤ ਮੌਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਦੋ ਵੱਖ-ਵੱਖ ਨੋਟਿਸ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਜਿੰਨਾ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਉਸ ਦੀ ਪੂਰਤੀ ਸਹੀ ਮਾਅਨੇ ਵਿੱਚ ਕਰਵਾਈ ਜਾਵੇ। ਸੂਇਆਂ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਭ੍ਰਿਸ਼ਟਾਚਾਰ ਦੇ ਚੱਲਦਿਆਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦਿੱਤੇ ਜਾਣ ਵਾਲੇ ਨੋਟਿਸ ਵਿਚ ਇਹ ਅਪੀਲ ਕੀਤੀ ਜਾਵੇਗੀ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਸਬੰਧੀ ਸੰਵਿਧਾਨ ਤਹਿਤ ਹੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਨਰਮਦਾ ਨਦੀ ਤੋਂ ਰਾਜਸਥਾਨ ਨੂੰ ਪਾਣੀ ਦੇਣ ਲਈ ਰਾਈਪੇਰੀਅਨ ਕਾਨੂੰਨ ਅਨੁਸਾਰ ਮਨਾਹੀ ਕੀਤੀ ਗਈ ਹੈ ਤੇ ਦੂਜੇ ਪਾਸੇ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਜਾ ਰਿਹਾ ਹੈ।