ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਕਾਂਗਰਸ ਦੇ ਕਾਟੋ ਕਲ਼ੇਸ਼ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਜਬੂਰਨ ਮੁੱਖ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਦੀ ਪਟਿਆਲਾ ਸਥਿਤ ਨਿੱਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ (ਮੋਤੀ ਮਹਿਲ) ਸਮੇਤ ਸਥਾਨਕ ਸ਼ਹਿਰ ਵਿਚਲੇ ਮਹਿਲ ਸਮਰਥਕਾਂ ’ਚ ਵੀ ਸੁੰਨ ਪੱਸਰੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ‘ਸੁੱਖ ਨਾਲ਼’ ਇਥੇ ਕਦੇ ਕਦਾਈਂ ਹੀ ਆਉਂਦੇ ਸਨ,ਪਰ ਉਨ੍ਹਾਂ ਦੀ ਪਤਨੀ ਅਤੇ ਐਮ.ਪੀ ਪਰਨੀਤ ਕੌਰ ਇਥੇ ਰਹਿੰਦੇ ਸਨ। ਉਂਜ ਉਨ੍ਹਾਂ ਦੀ ਵੀ ਇਥੇ ਰੋਜ਼ਾਨਾ ਦੀ ਠਹਿਰ ਨਹੀਂ ਸੀ। ਕਿਉਂਕਿ ਉਹ ਕਦੇ ਵਿਦੇਸ਼, ਕਦੇ ਦਿੱਲੀ ਅਤੇ ਕਦੇ ਚੰਡੀਗੜ੍ਹ ਆਦਿ ਥਾਂਵਾਂ ’ਤੇ ਵੀ ਜਾਂਦੇ ਰਹਿੰਦੇ ਸਨ। ਸ਼ੁੱਕਰਵਾਰ ਦੀ ਰਾਤ ਨੂੰ ਪਰਨੀਤ ਕੌਰ ਮਹਿਲ ’ਚ ਹੀ ਸਨ ਪਰ ਉਹ ਸ਼ਨੀਵਾਰ ਚੰਡੀਗੜ੍ਹ ਚਲੇ ਗਏ। ਉਹ ਐਤਵਾਰ ਰਾਤ ਨੂੰ ਵੀ ਇਥੇ ਨਹੀਂ ਪਰਤੇ।