ਆਤਿਸ਼ ਗੁਪਤਾ
ਚੰਡੀਗੜ੍ਹ, 11 ਜੁਲਾਈ
ਪੰਜਾਬ ਸਣੇ ਉੱਤਰੀ ਭਾਰਤ ’ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਉਥੇ ਹੀ ਇਸ ਮੀਂਹ ਕਾਰਨ ਸਬਜ਼ੀਆਂ ਦੇ ਭਾਅ ਵੀ ਅਸਮਾਨ ਛੂਹ ਰਹੇ ਹਨ। ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰ ਕੇ ਲੋਕਾਂ ਨੂੰ ਆਪਣਾ ਪੇਟ ਭਰਨਾ ਵੀ ਮੁਸ਼ਕਿਲ ਹੋ ਗਿਆ। ਸੂਬੇ ਵਿੱਚ ਸਬਜ਼ੀਆਂ ਦੇ ਭਾਅ 4 ਦਿਨਾਂ ਪਹਿਲਾਂ ਦੇ ਮੁਕਾਬਲੇ ਅੱਜ ਦੁੱਗਣੇ ਦਰਜ ਕੀਤੇ ਗਏ ਹਨ। ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ ਤੇ ਸੰਗਰੂਰ ਦੀਆਂ ਸਬਜ਼ੀ ਮੰਡੀਆਂ ਵਿੱਚ ਟਮਾਟਰ ਦਾ ਭਾਅ 200 ਰੁਪਏ ਕਿਲੋ ’ਤੇ ਪਹੁੰਚ ਗਿਆ ਹੈ, ਜੋ ਕਿ 4 ਦਿਨ ਪਹਿਲਾਂ ਤੱਕ 120 ਤੋਂ 150 ਰੁਪਏ ਦੇ ਕਰੀਬ ਸੀ।
ਇਸੇ ਤਰ੍ਹਾਂ ਸੂਬੇ ਭਰ ਵਿੱਚ ਹੋਰਾਂ ਸਬਜ਼ੀਆਂ ਦੀਆਂ ਕੀਮਤਾਂ ਵੀ ਦੁੱਗਣੀਆਂ ਹੋਈਆਂ ਹਨ। ਪਟਿਆਲਾ ਦੇ ਆਰੀਆ ਸਮਾਜ ਸਥਿਤ ਸ਼ਹਿਰ ਦੀ ਸਭ ਤੋਂ ਪੁਰਾਣੀ ਸਬਜ਼ੀ ਮੰਡੀ ’ਚ ਸਬਜ਼ੀ ਵਿਕਰੇਤਾ ਗੋਲਡੀ ਨੇ ਦੱਸਿਆ ਕਿ ਲਗਾਤਾਰ ਚਾਰ ਦਿਨ ਮੀਂਹ ਪੈਣ ਕਰ ਕੇ ਪੰਜਾਬ ਦੇ ਜ਼ਿਆਦਾਤਰ ਹਿੱਸਿਆ ਵਿੱਚ ਸਬਜ਼ੀ ਦੀ ਫਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਮੀਂਹ ਕਰ ਕੇ ਭਿੰਡੀ, ਤੋਰੀ, ਗੋਭੀ, ਹਰੀ ਮਿਰਚ, ਨਿੰਬੂ, ਅਰਬੀ ਸਣੇ ਹੋਰਨਾਂ ਸਬਜ਼ੀ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ। ਜਦੋਂ ਤੱਕ ਸਬਜ਼ੀ ਦੀ ਸਪਲਾਈ ਠੀਕ ਨਹੀਂ ਹੁੰਦੀ, ਉਦੋਂ ਤੱਕ ਕੀਮਤਾਂ ਘੱਟਣ ਦੀ ਉਮੀਦ ਘੱਟ ਹੈ। ਹਾਲਾਂਕਿ ਪਿਆਜ਼ ਤੇ ਆਲੂ ਦੇ ਭਾਅ ’ਤੇ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ।
ਬਾਗਬਾਨੀ ਵਿਭਾਗ ਨੇ ਸਬਜ਼ੀਆਂ ਦੇ ਖਰਾਬੇ ਦੀ ਰਿਪੋਰਟ ਮੰਗੀ
ਬਾਗਬਾਨੀ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਹਰਮੇਲ ਸਿੰਘ ਨੇ ਕਿਹਾ ਕਿ ਸੂਬੇ ’ਚ ਜ਼ਿਆਦਾ ਮੀਂਹ ਪੈਣ ਕਰ ਕੇ ਜ਼ਿਆਦਾਤਰ ਇਲਾਕਿਆਂ ਵਿੱਚ ਸਬਜ਼ੀਆਂ ਦੀ ਫ਼ਸਲ ਖਰਾਬ ਹੋਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਮੰਗੀ ਗਈ ਹੈ। ਇਹ ਰਿਪੋਰਟ ਆਉਣ ਤੋਂ ਬਾਅਦ ਖਰਾਬੇ ਦਾ ਅਸਲ ਅੰਕੜਾ ਪਤਾ ਲੱਗ ਸਕੇਗਾ।