ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਨਵੰਬਰ
ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਅੱਜ ਖੇਤੀ ਕਾਨੂੰਨ ਵਾਪਸੀ ਬਿੱਲ 2021 ਪਾਸ ਹੋਣ ਦਾ ਪਤਾ ਲੱਗਦੇ ਹੀ ਦਿੱਲੀ ਦੀਆਂ ਹੱਦਾਂ ’ਤੇ 368 ਦਿਨਾਂ ਤੋਂ ਮੋਰਚੇ ਲਾਈ ਬੈਠੇ ਹਜ਼ਾਰਾਂ ਕਿਸਾਨਾਂ ਦੇ ਚਿਹਰੇ ਖਿੜ ਗਏ। ਇਨ੍ਹਾਂ ਮੋਰਚਿਆਂ ਦੇ ਕਿਸਾਨਾਂ ਨੇ ਅੱਜ ਦੇ ਦਿਨ ਨੂੰ ਕਿਸਾਨ ਅੰਦੋਲਨ ਲਈ ਅਹਿਮ ਪੜਾਅ ਕਰਾਰ ਦਿੱੱਤਾ ਹੈ।
ਟਿਕਰੀ ਬਾਰਡਰ ਤੇ ਗਾਜ਼ੀਪੁਰ ਦੇ ਮੋਰਚਿਆਂ ਵਿੱਚ ਸ਼ੁਰੂਆਤੀ ਦੌਰ ਤੋਂ ਤਾਲਮੇਲ ਕਰਵਾਉਣ ਵਾਲੀ ਅਰੁਣਾ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਬਰਬਾਦੀ ਵਾਲੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣੇ ਪਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਤੰਤਰੀ ਰਵਾਇਤਾਂ ਦਾ ਰੱਜ ਕੇ ਘਾਣ ਕੀਤਾ ਹੈ। ਟਿਕਰੀ ਬਾਰਡਰ ’ਤੇ ਕਿਸਾਨਾਂ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਸਾਲ ਭਰ ਕਿਸਾਨਾਂ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮੋਰਚੇ ਗੱਡੀ ਰੱਖੇ। ਟਿਕਰੀ ਬਾਰਡਰ ’ਤੇ ਕਿਸਾਨਾਂ ਨੇ ਆਪਣੀਆਂ ਯੂਨੀਅਨਾਂ ਦੇ ਝੰਡਿਆਂ ਨਾਲ ਵੱਡਾ ਮਾਰਚ ਵੀ ਸਟੇਜ ਵੱਲ ਕੱਢਿਆ। ਕਿਸਾਨ ਆਗੂ ਅਮਰਜੀਤ ਸਿੰਘ ਸਹੋਤਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹੰਕਾਰ ਟੁੱਟ ਗਿਆ ਹੈ। ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਇਤਿਹਾਸਕ ਜਿੱਤ ਨੇ ਸਾਬਤ ਕੀਤਾ ਕਿ ਸਬਰ, ਸੰਤੋਖ ਨਾਲ ਵੱਡੀਆਂ ਜੰਗਾਂ ਜਿੱਤੀਆਂ ਜਾਂਦੀਆਂ ਹਨ। ਸਿੰਘੂ ਮੋਰਚੇ ਤੋਂ ਨੌਜਵਾਨ ਕਿਸਾਨ ਹਰਪਾਲ ਸਿੰਘ ਔਲਖ ਨੇ ਕਿਹਾ ਕਿ ਕਿਸਾਨ ਏਕੇ ਨੇ ਇਹ ਅਹਿਮ ਪੜਾਅ ਲਿਆਂਦਾ ਤੇ ਭਾਰਤੀ ਲੋਕਤੰਤਰ ’ਚ ਅੰਦੋਲਨ ਦੀ ਜਿੱਤ ਦੇ ਕਈ ਮਾਇਨੇ ਕੱਢੇ ਜਾਣਗੇ।
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਵਿੱਚ ਖੁਸ਼ੀ ਦਾ ਮਾਹੌਲ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਸੰਘਰਸ਼ੀ ਅਖਾੜਿਆਂ ਸਮੇਤ ਪਿੰਡਾਂ, ਸ਼ਹਿਰਾਂ ਅਤੇ ਛੋਟੇ ਕਸਬਿਆਂ ਵਿੱਚ ਅੱਜ ਸੰਸਦ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਕਰਨ ਸਬੰਧੀ ਬਿੱਲ ਪਾਸ ਹੋਣ ਮਗਰੋਂ ਕਿਸਾਨਾਂ ਸਮੇਤ ਸੂਬੇ ਦੇ ਸਮੂਹ ਵਰਗਾਂ ਦੇ ਲੋਕਾਂ ਨੇ ਜਿੱਤ ਦੇ ਜਸ਼ਨ ਮਨਾਏ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ’ਤੇ ਜਾਰੀ ਧਰਨਿਆਂ ਦੌਰਾਨ ਬੁਲਾਰਿਆਂ ਨੇ ਕਿਸਾਨੀ ਸੰਘਰਸ਼ ਦੌਰਾਨ ਆਏ ਉਤਰਾਅ-ਚੜ੍ਹਾਅ ’ਤੇ ਚਰਚਾ ਕਰਦਿਆਂ ਸੰਸਦ ਵੱਲੋਂ ਬਿੱਲ ਪਾਸ ਕਰਨ ਨੂੰ ਲੋਕ ਜਿੱਤ ਕਰਾਰ ਦਿੱਤਾ। ਬੁਲਾਰਿਆਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਲੋਕ ਸਭਾ ਵਿੱਚੋਂ ਵੀ ਪਾਸ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਜਿੱਤ ਦੀ ਅਗਲੀ ਕੜੀ ਦੱਸਿਆ।