ਚਰਨਜੀਤ ਭੁੱਲਰ
ਚੰਡੀਗੜ੍ਹ, 2 ਅਕਤੂਬਰ
ਮਾਨਸਾ ਪੁਲੀਸ ਦੀ ਹਿਰਾਸਤ ਵਿਚੋਂ ਏ-ਕੈਟਾਗਿਰੀ ਗੈਂਗਸਟਰ ਦੀਪਕ ਟੀਨੂ ਦੇ ਫ਼ਰਾਰ ਹੋਣ ਮਗਰੋਂ ਸੂਬੇ ਦੀ ਸਿਆਸਤ ਭਖ ਗਈ ਹੈ। ਅਮਨ ਕਾਨੂੰਨ ਦੀ ਵਿਵਸਥਾ ਦਾ ਮਾਮਲਾ ਕੁਝ ਸਮਾਂ ਪਹਿਲਾਂ ਹੀ ਠੰਢਾ ਪਿਆ ਸੀ ਅਤੇ ਹੁਣ ਦੀਪਕ ਟੀਨੂ ਦੀ ਉਡਾਰੀ ਨੇ ਮੁੜ ਪੰਜਾਬ ਸਰਕਾਰ ’ਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਵਿਰੋਧੀ ਧਿਰਾਂ ਨੇ ਇਸ ਨੂੰ ਸਰਕਾਰ ਦੀ ਨਾਕਾਮੀ ਦੱਸਦਿਆਂ ਕੇਂਦਰੀ ਜਾਂਚ ਦੀ ਮੰਗ ਕੀਤੀ ਹੈ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਇਹ ਘਟਨਾ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਦੀ ਸਹੀ ਤਸਵੀਰ ਦਿਖਾਉਂਦੀ ਹੈ। ਉਨ੍ਹਾਂ ਸੁਆਲ ਉਠਾਏ ਕਿ ਮੁਲਜ਼ਮ ਹਿਰਾਸਤ ਵਿਚੋਂ ਕਿਵੇਂ ਭੱਜ ਗਿਆ। ਉਨ੍ਹਾਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਸਿਆਸੀ ਦੌਰਿਆਂ ਵਿਚ ਉਲਝੇ ਹੋਏ ਹਨ ਅਤੇ ਗੈਂਗਸਟਰ ਫ਼ਰਾਰ ਹੋ ਰਹੇ ਹਨ। ਦੱਸਣਯੋਗ ਹੈ ਕਿ ਡੀਜੀਪੀ ਗੌਰਵ ਯਾਦਵ ਨੇ ਕਮਾਨ ਸੰਭਾਲਣ ਮਗਰੋਂ ਸੂਬੇ ਵਿਚ ਲਗਾਤਾਰ ਦੌਰੇ ਕਰਕੇ ਮਾਹੌਲ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਸੀ। ਹੁਣ ਇਸ ਘਟਨਾ ਨੇ ਸਰਕਾਰ ਨੂੰ ਮੁੜ ਪੁਰਾਣੀ ਥਾਂ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕੀਤਾ ਹੈ ਕਿ ਪੰਜਾਬ ਪੁਲੀਸ ਦੀ ਹਿਰਾਸਤ ਵਿਚੋਂ ਗੈਂਗਸਟਰ ਦਾ ਫ਼ਰਾਰ ਹੋਣਾ ਅਮਨ ਕਾਨੂੰਨ ਦੀ ਸਥਿਤੀ ’ਤੇ ਸੁਆਲ ਖੜ੍ਹੇ ਕਰਦਾ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਬਿਆਨਬਾਜ਼ੀ ਨੂੰ ਵੀ ਬਾਜਵਾ ਨੇ ਬੇਤੁਕੀ ਅਤੇ ਗੈਰ-ਜ਼ਿੰਮੇਵਾਰਾਨਾ ਦੱਸਿਆ ਹੈ। ਚੇਤੇ ਰਹੇ ਕਿ ਕੈਬਨਿਟ ਮੰਤਰੀ ਧਾਲੀਵਾਲ ਨੇ ਇਸ ਘਟਨਾ ਬਾਰੇ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ।
ਸਾਬਕਾ ਮੰਤਰੀ ਪਰਗਟ ਸਿੰਘ ਨੇ ਵੀ ਟਵੀਟ ਕੀਤਾ ਹੈ ਕਿ ਗੈਂਗਸਟਰ ਦਾ ਹਿਰਾਸਤ ਵਿਚੋਂ ਭੱਜ ਜਾਣਾ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਵੇਲੇ ਗੁਜਰਾਤ ਵਿਚ ਗਰਬਾ ਖੇਡਣ ਵਿਚ ਰੁੱਝੇ ਹੋਏ ਹਨ। ਇਵੇਂ ਹੀ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਪਹਿਲਾਂ ਚਰਨਜੀਤ ਚੰਨੀ ਬਤੌਰ ਮੁੱਖ ਮੰਤਰੀ ਭੰਗੜੇ ਪਾਉਂਦਾ ਸੀ ਅਤੇ ਹੁਣ ਭਗਵੰਤ ਮਾਨ ਵੀ ਉਸੇ ਰਾਹ ’ਤੇ ਤੁਰ ਪਏ ਹਨ। ਉਨ੍ਹਾਂ ਸੁਆਲ ਉਠਾਇਆ ਕਿ ਕੀ ਹੁਣ ਪੰਜਾਬ ਵਿਚ ਸਲੀਪਰ ਸੈੱਲ ਬਣ ਚੁੱਕੇ ਹਨ ਜਿਸ ਦੀ ਕੇਂਦਰੀ ਏਜੰਸੀ ਜਾਂਚ ਕਰੇ।
‘ਗੁਲਾਬੀ ਪੱਗ ਵਾਲੇ ਮੰਤਰੀ ਸਾਹਿਬ’
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਧਾਲੀਵਾਲ ਦੇ ਜੁਆਬ ’ਤੇ ਤਨਜ਼ ਕੱਸਿਆ ਹੈ। ਬਾਜਵਾ ਨੇ ਕਿਹਾ ਕਿ ‘ਗਿੱਧੇ ਦੀ ਟੀਮ ਦੇ ਕਪਤਾਨ ਮਹਾਰਾਜਾ ਸਤੌਜ, ਗੁਲਾਬੀ ਪੱਗ ਵਾਲੇ ਮੰਤਰੀ ਸਾਹਿਬ, ਤੁਹਾਡੀ ਗਿੱਧੇ ਦੀ ਟੀਮ ਦਾ ਕੈਪਟਨ ਤਾਂ ਆਹ ਹੈ। ਜਿੰਨਾ ਵਧੀਆ ਗਿੱਧਾ ਪਾਇਆ, ਪ੍ਰੋਗਰਾਮ ਮਿਲਣੇ ਸ਼ੁਰੂ ਹੋ ਜਾਣੇ ਨੇ, ਕਿਉਂਕਿ ਵੋਟ ਤਾਂ ਤੁਹਾਨੂੰ ਹੁਣ ਕਿਸੇ ਨੇ ਪਾਉਣੀ ਨਹੀਂ। ਫਿਰ ਨਾ ਉਲਾਂਭਾ ਦੇਣਾ ਕਿ ਕਿਸੇ ਨੇ ਦੱਸਿਆ ਨਹੀਂ।’
‘ਸਾਡੇ ਸ਼ੇਰ ਨੇ ਭੰਗੜੇ ਦਾ ਰੰਗ ਜਮਾਇਆ’
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਅਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਆਹਮੋ-ਸਾਹਮਣੇ ਹੋ ਗਏ ਹਨ। ਉਹ ਪਹਿਲਾਂ ਸਦਨ ਦੇ ਅੰਦਰ ਅਤੇ ਹੁਣ ਸਦਨ ਦੇ ਬਾਹਰ ਉਲਝ ਗਏ ਹਨ। ਕੈਬਨਿਟ ਮੰਤਰੀ ਧਾਲੀਵਾਲ ਨੇ ਅੱਜ ਕਿਹਾ ਕਿ ‘ਸਾਡੇ ਸ਼ੇਰ ਨੇ ਗੁਜਰਾਤ ਵਿਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ ਹੈ। ਹੁਣ ਗੁਜਰਾਤ ਵਿਚ ਝਾੜੂ ਚੱਲੇਗਾ ਅਤੇ ਕਮਲ ਦਾ ਚਿੱਕੜ ਸਾਫ਼ ਹੋਵੇਗਾ।’
ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਾਂਗੇ: ਚੀਮਾ
ਪੱਖੋ ਕੈਂਚੀਆਂ (ਪੱਤਰ ਪ੍ਰੇਰਕ): ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਫੜੇ ਹੋਏ ਗੈਂਗਸਟਰ ਦੀਪਕ ਟੀਨੂ ਦੇ ਫ਼ਰਾਰ ਹੋਣ ਸਬੰਧੀ ਇਥੇ ਵਿਧਾਇਕ ਉਗੋਕੇ ਦੇ ਪਿਤਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਸਖ਼ਤ ਪ੍ਰਤੀਕਰਮ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਵਾਲੇ ਸਾਰੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਮਾਮਲੇ ’ਤੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗੈਂਗਸਟਰ ਨੂੰ ਦੁਬਾਰਾ ਕਾਬੂ ਕਰਨ ਲਈ ਯਤਨ ਕੀਤੇ ਜਾਣਗੇ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਦੇ ਮਾਮਲੇ ਵਿੱਚ ਸਖ਼ਤ ਹੈ। ਕਾਨੂੰਨ ਤੋੜ ਕੇ ਭੱਜਣ ਵਾਲੇ ਕਿਸੇ ਵੀ ਗੈਂਗਸਟਰ ਨੂੰ ਬਖਸ਼ਿਆ ਨਹੀਂ ਜਾਵੇਗਾ।