ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਅਗਸਤ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਅੱਜ ਸ਼ਾਮੀ ਮੁਕਾਬਲੇ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਦੋ ਕਿੱਲੋ ਹੈਰੋਇਨ ਅਤੇ 30 ਬੋਰ ਦੀ ਪਿਸਤੌਲ ਬਰਾਮਦ ਹੋਈ ਹੈ। ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਦੀ ਪਛਾਣ ਗੁਰਭੇਜ ਉਰਫ ਬਾਬਾ ਤੇ ਸ਼ਮਸ਼ੇਰ ਉਰਫ ਕਰਨ ਦੋਵੇਂ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਪੁਲੀਸ ਨੇ ਦੋਵੇਂ ਪਾਸੇ ਤੋਂ ਗੋਲੀਆਂ ਚੱਲਣ ਦੀ ਘਟਨਾ ਤੋਂ ਬਾਅਦ ਕਾਬੂ ਕੀਤਾ ਹੈ। ਇਹ ਦੋਵੇਂ ਜੰਡਿਆਲਾ ਨੇੜੇ ਨਾਕੇ ਨੂੰ ਤੋੜ ਕੇ ਭੱਜੇ ਹਨ। ਪੁਲੀਸ ਨੇ 11 ਕਿੱਲੋਮੀਟਰ ਤੱਕ ਪਿੱਛਾ ਕੀਤਾ। ਇਹ ਸਾਰਾ ਰਸਤਾ ਪੁਲੀਸ ਪਾਰਟੀ ’ਤੇ ਗੋਲੀ ਚਲਾਉਂਦੇ ਰਹੇ ,ਪੁਲੀਸ ਨੇ ਇਨ੍ਹਾਂ ਨੂੰ ਵਡਾਲਾ ਜੌਹਲ ਨਾਲੇ ਨੇੜੇ ਕਾਬੂ ਕੀਤਾ। ਗੁਰਭੇਜ ਉਰਫ ਬਾਬਾ ਪੁਲੀਸ ਨੂੰ ਤਿੰਨ ਕਤਲ ਕੇਸਾਂ ਵਿਚ ਲੋੜੀਂਦਾ ਸੀ। ਪੁਲੀਸ ਵੱਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।