ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਗਸਤ
ਪਿਛਲੇ ਸਮੇਂ ਦੌਰਾਨ ਮਾਪਿਆਂ ਦੀ ਹੋਈ ਮੌਤ ਮਗਰੋਂ ਇਥੋਂ ਦੀ ਨਿਊ ਮੇਹਰ ਸਿੰਘ ਕਲੋਨੀ ਵਿਚਲੇ ਆਪਣੇ ਘਰ ਵਿਚ ਇਕੱਲੇ ਰਹਿ ਰਹੇ ਤੀਹ ਸਾਲਾ ਜੁੜਵਾ ਭੈਣ ਭਰਾ ਨੇ ਅੱਜ ਇਥੇ ਭਾਖੜਾ ਨਹਿਰ ਵਿਚ ਛਾਲ਼ ਮਾਰ ਦਿੱਤੀ। ਜਿਸ ਦੌਰਾਨ ਲੜਕੇ ਦੀ ਮੌਤ ਹੋ ਗਈ, ਪਰ ਲੜਕੀ ਨੂੰ ਗੋਤਾਖੋਰਾਂ ਨੇ ਬਚਾਅ ਲਿਆ। ਉਂਜ ਗੋਤਾਖੋਰਾਂ ਨੇ ਲੜਕੇ ਦੀ ਲਾਸ਼ ਵੀ ਬਰਾਮਦ ਕਰ ਲਈ ਹੈ। ਭਾਵੇਂ ਕਿ ਅਜੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਮੁਢਲੀ ਜਾਣਕਾਰੀ ਅਨੁਸਾਰ ਦੋਵੇਂ ਭੈਣ ਭਰਾ ਡਿਪਰੈਸ਼ਨ’ਚ ਸਨ। ਗੋਤਾਖੋਰ ਟੀਮ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਅੱਜ ਲੜਕਾ ਮੋਟਰ ਸਾਈਕਲ ’ਤੇ ਜਦਕਿ ਲੜਕੀ ਸਕੂਟਰੀ ’ਤੇ ਆਈ। ਜਿਨ੍ਹਾਂ ਨੇ ਇਥੇ ਸ਼ਹਿਰ ੇ ਬਾਹਰਵਾਰ ਬਾਹਰੋਂ ਲੰਘਦੀ ਭਾਖੜਾ ਨਹਿਰ ਦੇ ਬਖਸ਼ੀਵਾਲ਼ਾ ਪੁਲ਼ ਦੇ ਪਿਛਲੇ ਪਾਸਿਓਂ ਛਾਲ਼ ਮਾਰ ਦਿੱਤੀ। ਇਸ ਦੌਰਾਨ ਪਾਣੀ ਦੇ ਤੇਜ ਵਹਾਅ ਦੌਰਾਨ ਉਹ ਜਿਉਂ ਹੀ ਪੁਲ਼ ਦੇ ਹੇਠਾਂ ਦੀ ਅਗਲੇ ਪਾਸੇ ਆਏ ਗੋਤਾਖੋਰਾਂ ਦੀ ਨਿਗਾਹ ਪੈ ਗਏ ਤੇ ਦੋ ਗੋਤਾਖੋਰਾਂ ਨੇ ਵੀ ਭਾਖੜਾ ’ਚ ਛਾਲ਼ ਮਾਰ ਦਿੱਤੀ ਅਤੇ ਉਹ ਡੁੱਬਦੀ ਜਾ ਰਹੀ ਲੜਕੀ ਨੂੰ ਬਾਹਰ ਕੱਢ ਲਿਆਏ। ਪਰ ਇਸ ਦੌਰਾਨ ਹੀ ਸਰੀਰਕ ਪੱਖੋਂ ਭਾਰੀ ਹੋਣ ਕਰਕੇ ਲੜਕਾ ਡੁੱਬ ਗਿਆ। ਉਂਜ ਗੋਤਾਖੋਰ ਉਸ ਨੂੰ ਵੀ ਕੱਢ ਲਿਆਏ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਧਰ ਸੰਪਰਕ ਕਰਨ ’ਤੇ ਸਬੰਧਿਤ ਥਾਣਾ ਤ੍ਰਿਪੜੀ ਦੇ ਐਸ.ਐਚ.ਓ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਡਾਕਟਰਾਂ ਮੁਤਾਬਿਕ ਅਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ।
ਇਸ ਦੌਰਾਨ ਗੋਤਾਖੋਰ ਜਦੋਂ ਇਨ੍ਹਾਂ ਭੈਣ ਭਰਾਵਾਂ ਨੂੰ ਕੱਢ ਰਹੇ ਸਨ, ਤਾਂ ਉਨ੍ਹਾਂ ਨੂੰ ਭਾਖੜਾ ਵਿਚ ਤੈਰਦੀ ਜਾ ਰਹੀ ਇੱਕ ਹੋਰ ਮਹਿਲਾ ਦੀ ਲਾਸ਼ ਵੀ ਮਿਲੀ। ਪੁਲੀਸ ਨੇ ਇਹ ਲਾਸ਼ ਰਾਜਿੰਦਰਾ ਹਸਪਤਾਲ਼ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਇਹ ਲਾਸ਼ ਸ਼ਨਾਖ਼ਤ ਲਈ 72 ਘੰਟੇ ਰੱਖੀ ਜਾਵੇਗੀ।