ਪੱਤਰ ਪ੍ਰੇਰਕ
ਮੁਕੇਰੀਆਂ, 16 ਅਗਸਤ
ਕੰਢੀ ਨਹਿਰ ਦਾ ਤਲ ਕੱਚਾ ਰੱਖਣ ਦੀ ਮੰਗ ਲਈ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ, ਦੋਆਬਾ ਸੰਘਰਸ਼ ਕਮੇਟੀ ਅਤੇ ਭਾਈ ਘਨ੍ਹੱਈਆ ਸੁਸਾਇਟੀ ਦੀ ਅਗਵਾਈ ’ਚ ਕੰਢੀ ਨਹਿਰ ’ਤੇ ਪਿੰਡ ਮਸਤੀਵਾਲ ਵਿੱਚ ਲਗਾਇਆ ਧਰਨਾ 82ਵੇਂ ਦਿਨ ਸਰਕਾਰ ਵੱਲੋਂ ਮੰਗਾਂ ਮੰਨਣ ਉਪਰੰਤ ਚੁੱਕ ਲਿਆ ਗਿਆ। ਸਰਕਾਰ ਨੇ ਭਰੋਸਾ ਦੁਆਇਆ ਕਿ ਉਸਾਰੀ ਅਧੀਨ ਪਈ 28 ਕਿੱਲੋਮੀਟਰ ਨਹਿਰ ਵਿੱਚੋਂ 16 ਕਿੱਲੋਮੀਟਰ ਨੂੰ ਕੱਚੀ ਰੱਖਿਆ ਜਾਵੇਗਾ। ਇਹ ਸਮਝੌਤਾ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ, ਐੱਸਡੀਐੱਮ ਹਰਬੰਸ ਸਿੰਘ, ਨਹਿਰੀ ਵਿਭਾਗ ਦੇ ਐਕਸੀਅਨ ਅਮਿਤ ਸੱਭਰਵਾਲ ਤੇ ਡੀਐੱਸਪੀ ਸਬ ਡਿਵੀਜ਼ਨ ਟਾਂਡਾ ਕਲਵੰਤ ਸਿੰਘ ਦੇ ਦਖ਼ਲ ਮਗਰੋਂ ਨੇਪਰੇ ਚੜ੍ਹਿਆ। ਧਰਨਾ ਚੁੱਕਣ ਮੌਕੇ ਸੇਵਾ ਦਲ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਦੋਆਬਾ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਭਾਈ ਘਨ੍ਹੱਈਆ ਸੁਸਾਇਟੀ ਦੇ ਪ੍ਰਧਾਨ ਡਾ. ਮਨਦੀਪ ਸਿੰਘ ਅਤੇ ਗੁਰਦੀਪ ਬਰਿਆਣਾ ਨੇ ਦੱਸਿਆ ਕਿ ਸਰਕਾਰ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਭਰੋਸਾ ਦਿੱਤਾ ਹੈ ਕਿ ਉਸਾਰੀ ਅਧੀਨ ਪਈ 28 ਕਿੱਲੋਮੀਟਰ ਕੰਢੀ ਨਹਿਰ ਵਿੱਚੋਂ 16 ਕਿੱਲੋਮੀਟਰ ਨੂੰ ਕੱਚੀ ਰੱਖਿਆ ਜਾਵੇਗਾ। ਨਹਿਰ ਦੇ ਥੱਲੇ ਨੂੰ ਇੱਟਾਂ ਲਾ ਕੇ ਬਣਾਇਆ ਜਾਵੇਗਾ ਅਤੇ ਤਰਪਾਲ ਵੀ ਨਹੀਂ ਪਾਈ ਜਾਵੇਗੀ।
ਨਹਿਰ ਦੀ ਰੇਲਿੰਗ ਸੀਮਿੰਟ ਦੀ ਬਣਾਈ ਜਾਵੇਗੀ, ਖੁੱਲ੍ਹੇ ਕੈਂਚੀ ਵਾਲੇ ਪੁਲ ਬਣਾਏ ਜਾਣਗੇ। ਪਾਣੀ ਦੇ ਮੋਘੇ ਵੱਡੇ ਬਣਾਏ ਜਾਣਗੇ ਅਤੇ ਗਊਘਾਟ ਸਮੇਤ ਬਾਕੀ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੰਗਾਂ ਮੰਨਣ ’ਤੇ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਮਸਲਾ ਹੱਲ ਹੋਣ ਵਿੱਚ ਸਮਾਂ ਲੱਗਿਆ ਹੈ ਅਤੇ ਜੇ ਇਸ ਤੋਂ ਇਲਾਵਾ ਹੋਰ ਵੀ ਕੰਢੀ ਦੀਆਂ ਸਮੱਸਿਆਵਾਂ ਹਨ ਤਾਂ ਉਸ ਦੇ ਨਿਪਟਾਰੇ ਲਈ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਆਗੂਆਂ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਖ਼ਸਤਾ ਹਾਲਤ ਵਿਚ ਪਏ ਸੂਏ ਮੁੜ ਪੱਕੇ ਬਣਾਏ ਜਾਣ, ਲਗਪਗ 30 ਸਾਲਾਂ ਤੋਂ ਨਹਿਰ ਬਨਾਉਣ ਲਈ ਐਕੁੁਆਇਰ ਕੀਤੀ ਜ਼ਮੀਨ ਦੀ ਰਾਸ਼ੀ ਵੀ ਦਿੱਤੀ ਜਾਵੇ। ਉਨ੍ਹਾਂ ਰਾਮਪੁਰ ਖੇੜਾ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਦਾ 82 ਦਿਨ ਤਕ ਲਗਾਤਾਰ ਲੰਗਰ ਦੀ ਸੇਵਾ ਕਰਨ ਤੇ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।