ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 14 ਅਗਸਤ
ਇਥੇ ਬੀਤੀ ਦੇਰ ਰਾਤ ਸੁੱਜੋਵਾਲ ਪੁਲ ਨੇੜੇ ਸੜਕ ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਯੋਗੇਸ਼ ਪੁਰੀ ਪੁੱਤਰ ਦਸ਼ਰਥ ਪੁਰੀ ਅਤੇ ਚਿਰਾਗ ਸ਼ਰਮਾ ਪੁੱਤਰ ਰਾਕੇਸ਼ ਕੁਮਾਰ ਵਾਸੀ ਜਲੰਧਰ ਵਜੋਂ ਹੋਈ। ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ, ਜਦੋਂ ਉਹ ਸੁੱਜੋਵਾਲ ਪੁਲ ਨੇੜੇ ਪਹੁੰਚੇ ਤਾਂ ਕੌਮੀ ਮਾਰਗ ਅਥਾਰਿਟੀ ਵੱਲੋਂ ਤਕਨੀਕੀ ਤੌਰ ’ਤੇ ਗਲਤ ਢੰਗ ਨਾਲ ਬਣਾਏ ਗਏ ਦੋ ਕੱਟਾਂ ਵਿੱਚੋਂ ਇੱਕ ਨੂੰ ਪਾਰ ਕਰਦਿਆਂ ਪਾਪੂਲਰ ਨਾਲ ਭਰੀ ਟਰਾਲੀ ਨਾਲ ਟਕਰਾਉਣ ਮਗਰੋਂ ਕਾਰ ਨੂੰ ਅੱਗ ਲੱਗ ਗਈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਭਾਰੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ, ਜਦ ਕਿ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦੋਵੇਂ ਨੌਜਵਾਨ ਮੌਕੇ ’ਤੇ ਹੀ ਦਮ ਤੋੜ ਗਏ।