ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਫਰਵਰੀ
ਹਲਕਾ ਪੂਰਬੀ ਵਿੱਚ ਚੱਲ ਰਹੀ ਸਿਆਸੀ ਜੰਗ ਦੌਰਾਨ ਅੱਜ ਕੱਟੜ ਵਿਰੋਧੀਆਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੇ ਧਾਰਮਿਕ ਪੱਤਾ ਵਰਤਦਿਆਂ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਦੋਵੇਂ ਹੀ ਆਗੂਆਂ ਨੇ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਆ।
ਮਾਤਾ ਵੈਸ਼ਨੋ ਦੇਵੀ ਦੇ ਮੰਦਰ ’ਚ ਨਤਮਸਤਕ ਹੋ ਕੇ ਪਰਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮਸੀਹ ਭਾਈਚਾਰੇ ਦੇ ਲੋਕਾਂ ਕੋਲ ਜਾ ਕੇ ਵੋਟ ਮੰਗੇ। ਜਦਕਿ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਬ੍ਰਾਹਮਣ ਸਭਾ ਕੋਲੋਂ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ।
ਸ੍ਰੀ ਸਿੱਧੂ ਨੇ ਅੱਜ ਚੋਣ ਪ੍ਰਚਾਰ ਦੌਰਾਨ ਮਸੀਹ ਭਾਈਚਾਰੇ ਦੇ ਕੋਲ ਜਾ ਕੇ ਵੋਟਾਂ ਮੰਗਦਿਆਂ ‘ਹੈਲੇ ਲੁਈਆ’ ਦੇ ਨਾਅਰੇ ਵੀ ਲਾਏ ਤੇ ਪ੍ਰਭੂ ਯਿਸੂ ਦੇ ਉਪਦੇਸ਼ਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਹੁੰਦਿਆਂ ਮਸੀਹ ਭਾਈਚਾਰੇ ਵੱਲ ਕੋਈ ਮਾੜੀ ਅੱਖ ਨਹੀਂ ਕਰ ਸਕਦਾ। ਵੋਟਰਾਂ ਨੂੰ ਪ੍ਰੇਰਦਿਆਂ ਉਨ੍ਹਾਂ ਕਿਹਾ ਕਿ ਭਗਵਾਨ ਯਿਸੂ ਉਨ੍ਹਾਂ ਦੇ ਦਿਲ ਵਿੱਚ ਵਸਦਾ ਹੈ ਤੇ ਸਿੱਧੂ ਉਨ੍ਹਾਂ ਨੂੰ ਹੀ ਰੱਬ ਮੰਨਦਾ ਹੈ। ਹੈਰੋਇਨ ਦਾ ਕਾਰੋਬਾਰ ਕਰਨ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਮਸੀਹ ਆਗੂ ਅਨਵਰ ਮਸੀਹ ਦਾ ਜ਼ਿਕਰ ਕਰਦਿਆਂ ਸਿੱਧੂ ਨੇ ਕਿਹਾ ਕਿ ਉਸ ਨੂੰ ਅਕਾਲੀ ਲੈ ਕੇ ਆਏ ਸਨ। ਸ੍ਰੀ ਸਿੱਧੂ ਨੇ ਦੋਸ਼ ਲਾਇਆ ਕਿ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਕਈ ਲੋਕ ਉਸ ਨੂੰ ਹਰਾਉਣ ਲਈ ਇਕੱਠੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਵਿੱਚੋਂ ਮਾਫੀਆ ਖਤਮ ਨਹੀਂ ਹੋਣ ਦੇਣਾ ਚਾਹੁੰਦੇ।