ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਦਸੰਬਰ
ਪਿੰਡ ਲੇਹਲ ਖੁਰਦ ਦੇ ਪਰਮਵੀਰ ਚੱਕਰ ਜੇਤੂ ਸ਼ਹੀਦ ਗੁਰਜੰਟ ਸਿੰਘ ਦੀ ਯਾਦ ’ਚ ਕਰਵਾਏ ਗਏ 51ਵੇਂ ਕਬੱਡੀ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਗਰਾਹਾਂ ਨੇ ਪੰਜਾਬ ਵਾਸੀਆਂ ਨੂੰ ਦਿੱਲੀ ਮੋਰਚਾ ਜਿੱਤਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹੌਸਲੇ ਅਤੇ ਤਾਕਤ ਨੂੰ ਸੰਭਾਲ ਕੇ ਰੱਖਣ ਨਾਲ ਹਰ ਮੋਰਚਾ ਸ਼ਾਂਤੀ ਨਾਲ ਫ਼ਤਹਿ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਮੋਰਚਾ ਫ਼ਤਹਿ ਕਰਦਿਆਂ ਕੇਂਦਰ ਸਰਕਾਰ ਨਾਲ ਹਿਸਾਬ ਪੂਰਾ ਕਰ ਆਏ ਹਾਂ, ਹੁਣ ਪੰਜਾਬ ਸਰਕਾਰ ਨਾਲ ਹਿਸਾਬ ਕਰਨਾ ਬਾਕੀ ਹੈ। ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਪੜ੍ਹੇ-ਲਿਖੇ ਨੌਜਵਾਨਾਂ ਕੋਲੋਂ ਠੇਕੇਦਾਰ ਦਿਹਾੜੀਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਅਜਿਹੇ ਖੇਤੀ ਕਾਨੂੰਨ ਲਾਗੂ ਹੋਏ ਹਨ, ਉਥੇ ਖੇਤੀ ਤਬਾਹ ਹੋਣ ਸਮੇਤ ਇਸ ਨਾਲ ਜੁੜੇ ਲੋਕ ਵੀ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਿਸਾਨ ਪਹਿਲੇ ਹਨ, ਜਿਨ੍ਹਾਂ ਇਹ ਕਾਨੂੰਨ ਵਾਪਸ ਕਰਵਾ ਕੇ ਦਮ ਲਿਆ। ਬੇਸ਼ੱਕ ਇਸ ਕਾਰਜ ਲਈ ਸੈਂਕੜੇ ਕੁਰਬਾਨੀਆਂ ਦੇਣੀਆਂ ਪਈਆਂ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਨਹੁੰ-ਮਾਸ ਵਾਂਗ ਜੁੜੇ ਹੋਏ ਹਨ ਅਤੇ ਜਥੇਬੰਦੀ ਹੁਣ ਸੂਬੇ ਦੇ ਮਜ਼ਦੂਰਾਂ ਦੇ ਸੰਘਰਸ਼ ’ਚ ਆਪਣਾ ਹਿੱਸਾ ਪਾਵੇਗੀ। ਇਸ ਦੌਰਾਨ ਰਾਜ ਸਿੰਘ, ਸਾਬਕਾ ਸਰਪੰਚ ਸੀਤਾ ਸਿੰਘ, ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਪ੍ਰੀਤਮ ਸਿੰਘ ਤੇ ਹੋਰ ਹਾਜ਼ਰ ਸਨ।