ਪੱਤਰ ਪ੍ਰੇਰਕ
ਪਠਾਨਕੋਟ, 27 ਅਕਤੂਬਰ
ਭਾਰਤ-ਪਾਕਿ ਦੀ ਕੌਮੀ ਹੱਦ ’ਤੇ ਪੈਂਦੇ ਸਿੰਬਲ ਸਕੋਲ ਪੋਸਟ ਕੋਲੋਂ ਲੰਘਦੇ ਤਰਨਾਹ ਨਾਲੇ ’ਚੋਂ ਅੱਜ ਬੀਐੱਸਐੱਫ ਨੇ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਹੈ। ਕਿਸ਼ਤੀ ਮਿਲਦੇ ਸਾਰ ਹੀ ਪੁਲੀਸ ਅਤੇ ਬੀਐਸਐਫ ਨੇ ਨੇੜਲੇ ਇਲਾਕੇ ਵਿੱਚ ਖੋਜ ਮੁਹਿੰਮ ਚਲਾਈ ਪਰ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਉਂਜ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਹ ਨਾਲਾ ਪਾਕਿਸਤਾਨ ਦੀ ਹੱਦ ’ਚੋਂ ਹੋ ਕੇ ਭਾਰਤ ਦੀ ਹੱਦ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਇਸ ਵਿਚੋਂ ਪਾਕਿਸਤਾਨੀ ਕਿਸ਼ਤੀ ਮਿਲਣੀ ਭਾਰਤੀ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹੈ। ਬਮਿਆਲ ਸਥਿਤ ਭਾਰਤ-ਪਾਕਿ ਹੱਦ ਅਤਿ ਸੰਵੇਦਨਸ਼ੀਲ ਹੁੰਦੀ ਜਾ ਰਹੀ ਹੈ ਕਿਉਂਕਿ ਇਸ ਖੇਤਰ ਵਿੱਚ ਕਈ ਵਾਰ ਪਾਕਿਸਤਾਨੀ ਡਰੋਨ ਦੇਖੇ ਗਏ ਹਨ। ਜ਼ਿਕਰਯੋਗ ਹੈ ਕਿ 2016 ਵਿੱਚ ਚਾਰ ਅਤਿਵਾਦੀ ਇਸੇ ਹੀ ਨਾਲੇ ’ਚੋਂ ਲੰਘ ਕੇ ਪਠਾਨਕੋਟ ਦੇ ਏਅਰਬੇਸ ’ਤੇ ਪੁੱਜੇ ਸਨ।