ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਅਕਤੂਬਰ
ਭਾਜਪਾ ਨੇ ਸੂਬੇ ਦੀ ਦਿਨੋ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਗੁਜਰਾਤ ਵਿੱਚ ਭੰਗੜੇ ਪਾਉਣ ਨੇ ਦੱਸ ਦਿੱਤਾ ਹੈ ਕਿ ‘ਆਪ’ ਰਾਜ ਭਾਗ ਸੰਭਾਲਣ ਤੋਂ ਅਸਮਰੱਥ ਹੈ। ਲੋਕਾਂ ਦਾ ਧਿਆਨ ਭਟਕਾਉਣ ਲਈ ਪੰਜਾਬ ਦੀਆਂ ਪ੍ਰਾਪਤੀਆਂ ਦੱਸਣ ਦੀ ਥਾਂ ਗੁਜਰਾਤ ਦੇ ਲੋਕਾਂ ਨੂੰ ਨੱਚ-ਟੱਪ ਕੇ ਦਿਖਾਇਆ ਜਾ ਰਿਹਾ ਹੈ। ਭਾਜਪਾ ਦੀ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ। ਇਸ ਘਟਨਾ ਨੇ ਇਤਿਹਾਸ ਨੂੰ ਦੁਹਰਾ ਦਿੱੱਤਾ ਹੈ। ਇਹੋ ਹਾਲ ਆਮ ਆਦਮੀ ਪਾਰਟੀ ਦਾ ਬਣਿਆ ਹੋਇਆ ਕਿ ਉਨ੍ਹਾਂ ਦੇ ਮੰਤਰੀ ਜੋ ਮੂੰਹ ਆਇਆ, ਉਹ ਬੋਲੀ ਜਾ ਰਹੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੁਜਰਾਤ ਦੇ ਲੋਕ ਸਿਆਣੇ ਹਨ ਤੇ ਉਹ ਪੰਜਾਬ ਨੂੰ ਠੱਗਣ ਵਾਲੇ ‘ਆਪ’ ਆਗੂਆਂ ਦੀਆਂ ਗੱਲਾਂ ’ਚ ਆਉਣ ਵਾਲੇ ਨਹੀਂ ਹਨ।