ਟਿ੍ਰਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 10 ਅਪਰੈਲ
ਪ੍ਰਮੁੱਖ ਵਿਰੋਧੀ ਧਿਰਾਂ ਨੇ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਵੱਲੋਂ ਉੱਚ ਅਫ਼ਸਰਾਂ ਦੀ ਤਾਇਨਾਤੀ ’ਤੇ ਚੁੱਕੇ ਸੁਆਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਬਹਬਿਲ ਕਲਾਂ, ਬਰਗਾੜੀ ਕੇਸਾਂ ਨੂੰ ਲੈ ਕੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਚੇਤੇ ਰਹੇ ਕਿ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਸ਼ਨਿਚਰਵਾਰ ਨੂੰ ਫੇਸਬੁੱਕ ’ਤੇ ਪੋਸਟ ਪਾ ਕੇ ਪ੍ਰਬੋਧ ਕੁਮਾਰ ਅਤੇ ਅਰੁਣਪਾਲ ਸਿੰਘ ਦੀ ਨਵੀਂ ਤਾਇਨਾਤੀ ’ਤੇ ਉਂਗਲ ਚੁੱਕੀ ਸੀ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਇਨ੍ਹਾਂ ਅਧਿਕਾਰੀਆਂ ਦੀ ਬਹਬਿਲ ਬਰਗਾੜੀ ਮਾਮਲੇ ਵਿੱਚ ਸਿਆਸੀ ਆਗੂਆਂ ਨੂੰ ਬਚਾਉਣ ਵਿੱਚ ਭੂਮਿਕਾ ਰਹੀ ਹੈ। ਹਾਲਾਂਕਿ ਬਾਅਦ ਵਿੱਚ ਕੁੰਵਰ ਵਿਜੈ ਪ੍ਰਤਾਪ ਨੇ ਆਪਣੀ ਪੋਸਟ ਡਿਲੀਟ ਕਰਨ ਮਗਰੋਂ ਸੋਧ ਕੇ ਨਵੀਂ ਪੋਸਟ ਪਾ ਦਿੱਤੀ ਸੀ। ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਵੱਲੋਂ ਉਠਾਈ ਉਂਗਲ ਨੇ ਪੰਜਾਬੀਆਂ ਦੇ ਮਨਾਂ ਵਿਚ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ ਕਿ ਸਰਕਾਰ ਦਾ ਕਥਿਤ ਦੋਸ਼ੀਆਂ ਨਾਲ ਕੋਈ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮੁੱਦਾ ਹੈ। ਲੁਧਿਆਣਾ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਕੁੰਵਰ ਵਿਜੈ ਪ੍ਰਤਾਪ ਖ਼ਿਲਾਫ਼ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਪੁਲੀਸ ਵਿੱਚੋਂ ਆਏ ਹਨ ਅਤੇ ਹੋ ਸਕਦਾ ਹੈ ਕਿ ਨਵੀਂ ਤਾਇਨਾਤੀ ਵਾਲੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਕੋਈ ਨਿੱਜੀ ਰੰਜਿਸ਼ ਹੋਵੇ। ਦੱਸਣਯੋਗ ਹੈ ਕਿ ਕੁੰਵਰ ਵਿਜੈ ਪ੍ਰਤਾਪ ਆਪਣੇ ਅੰਦਰ ਦੱਬੇ ਪਏ ਰੋਹ ਨੂੰ ਦਬਾ ਨਹੀਂ ਸਕੇ, ਜਿਸ ਕਰਕੇ ਉਨ੍ਹਾਂ ਆਪਣੀ ਹੀ ਸਰਕਾਰ ’ਤੇ ਸੁਆਲ ਖੜ੍ਹੇ ਕਰ ਦਿੱਤੇ। ਪਤਾ ਲੱਗਾ ਹੈ ਕਿ ‘ਆਪ’ ਦੀ ਸੀਨੀਅਰ ਲੀਡਰਸ਼ਿਪ ਨੇ ਕੁੰਵਰ ਵਿਜੈ ਪ੍ਰਤਾਪ ਦੀ ਇਸ ਰਵੱਈਏ ਦਾ ਸਖ਼ਤ ਨੋਟਿਸ ਲਿਆ ਹੈ।
ਭਗਵੰਤ ਮਾਨ ਸਥਿਤੀ ਸਪੱਸ਼ਟ ਕਰਨ: ਖਹਿਰਾ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਅਤੇ ਇਸ ਮਾਮਲੇ ’ਤੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਨੂੰ ਮੌਜੂਦਾ ਕਾਰਜਾਂ ਤੋਂ ਤੁਰੰਤ ਤਬਦੀਲ ਕਰਨਾ ਚਾਹੀਦਾ ਹੈ।
ਨਿਯੁਕਤੀਆਂ ’ਤੇ ਇਤਰਾਜ਼’ ਦੀ ਪੋਸਟ ਬਾਰੇ ਹੁੰਦੀ ਰਹੀ ਚਰਚਾ
ਅੰਮ੍ਰਿਤਸਰ (ਟਨਸ): ਪੰਜਾਬ ਪੁਲੀਸ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ ਵਿੱਚੋਂ ਦੋ ਨਿਯੁਕਤੀਆਂ ’ਤੇ ਸਾਬਕਾ ਆਈਜੀ ਅਤੇ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਇਤਰਾਜ਼ ਚਰਚਾ ਵਿੱਚ ਹੈ। ਆਪਣੀ ਫੇਸਬੁੱਕ ਆਈਡੀ ਤੋਂ ਉਨ੍ਹਾਂ ਨੇ ਇਸ ਪੋਸਟ ਨੂੰ ਭਾਵੇਂ ਡਿਲੀਟ ਕਰ ਦਿੱਤਾ ਹੈ ਪਰ ਇਹ ਅੱਜ ਸਾਰਾ ਦਿਨ ਚਰਚਾ ਵਿੱਚ ਰਹੀ। ਉਨ੍ਹਾਂ ਜਿਨ੍ਹਾਂ ਨਿਯੁਕਤੀਆਂ ਤੇ ਇਤਰਾਜ਼ ਕੀਤਾ ਉਨ੍ਹਾਂ ਵਿੱਚ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਦਾ ਨਾਂ ਵੀ ਸ਼ਾਮਲ ਹੈ। ਅੰਮ੍ਰਿਤਸਰ ਵਿੱਚ ਹਾਲ ’ਚ ਹੀ ਅਰੁਨਪਾਲ ਸਿੰਘ ਦਾ ਨਵੇਂ ਕਮਿਸ਼ਨਰ ਵਜੋਂ ਤਬਾਦਲਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਕਮਿਸ਼ਨਰ ਅਰੁਨ ਪਾਲ ਸਿੰਘ ਨੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਸੱਦੇ ਜਾਣ ਦੀ ਚਰਚਾ ਹੈ।