ਪੱਤਰ ਪ੍ਰੇਰਕ
ਪਾਇਲ, 19 ਜੁਲਾਈ
ਇਥੇ ਪਿੰਡ ਰੌਣੀ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਨੂੰ ਪੇਟੀ ਵਿੱਚ ਲੁਕੋ ਦਿੱਤਾ, ਜਿਸ ਨੂੰ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਦੀ ਮਦਦ ਨਾਲ ਪੇਟੀ ਵਿੱਚੋਂ ਬਾਹਰ ਕਢਵਾਇਆ ਹੈ। ਪੀੜਤ ਪਰਿਵਾਰ ਜਸਵਿੰਦਰ ਸਿੰਘ ਅਕਸਰ ਆਪਣੀ ਪਤਨੀ ਨਾਲ ਕੁੱਟ ਮਾਰ ਕਰਦਾ ਸੀ। ਸ਼ੁੱਕਰਵਾਰ ਨੂੰ ਉਹ ਆਪਣੀ ਪਤਨੀ ਨੂੰ ਮਨਾ ਕੇ ਘਰ ਲੈ ਕੇ ਆਇਆ ਸੀ। ਬੀਤੀ ਸ਼ਾਮ ਤੋਂ ਕੁਲਵਿੰਦਰ ਕੌਰ ਦਾ ਫੋਨ ਬੰਦ ਆਉਣ ਕਾਰਨ ਪੇਕਾ ਪਰਿਵਾਰ ਚਿੰਤਤ ਸੀ। ਉਨ੍ਹਾਂ ਨੇ ਜਦੋਂ ਜਸਵਿੰਦਰ ਸਿੰਘ ਤੋਂ ਕੁਲਵਿੰਦਰ ਕੌਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਫੋਨ ਬੰਦ ਕਰ ਲਿਆ। ਸ਼ੱਕ ਪੈਣ ’ਤੇ ਕੁਲਵਿੰਦਰ ਕੌਰ ਦਾ ਪੇਕਾ ਪਰਿਵਾਰ ਪਿੰਡ ਰੌਣੀ ਪੁੱਜ ਗਿਆ। ਘਰ ਨੂੰ ਜਿੰਦਾ ਲੱਗਾ ਦੇਖ ਸਰਪੰਚ ਦੀ ਮਦਦ ਨਾਲ ਉਹ ਪੁਲੀਸ ਚੌਕੀ ਗਏ। ਪੁਲੀਸ ਚੌਕੀ ਰੌਣੀ ਦੇ ਇੰਚਾਰਜ ਸਤਪਾਲ ਸਿੰਘ ਤੇ ਮੁਨਸ਼ੀ ਪਰਮਜੀਤ ਸਿੰਘ ਪੰਮੀ ਨੇ ਤੁਰੰਤ ਉਨ੍ਹਾਂ ਨਾਲ ਘਰ ਆ ਕੇ ਦੇਖਿਆ ਤਾਂ ਜਸਵਿੰਦਰ ਸਿੰਘ ਮੇਨ ਗੇਟ ਨੂੰ ਅੰਦਰੋਂ ਤੇ ਬਾਹਰੋਂ ਜਿੰਦਾ ਲਗਾ ਕੇ ਅੰਦਰ ਕਮਰੇ ’ਚ ਬੈਠਾ ਸੀ। ਜਦੋਂ ਸਾਰੇ ਘਰ ਦੀ ਤਲਾਸ਼ੀ ਲਈ ਗਈ ਤਾਂ ਕੁਲਵਿੰਦਰ ਕੌਰ ਦੀ ਲਾਸ਼ ਪੇਟੀ ਵਿੱਚੋਂ ਬਰਾਮਦ ਕੀਤੀ ਗਈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਸਵਿੰਦਰ ਸਿੰਘ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅਜੇ ਕਤਲ ਬਾਰੇ ਮੰਨਿਆ ਨਹੀਂ ਸੀ ਤੇ ਇਹੀ ਕਹਿ ਰਿਹਾ ਸੀ ਕਿ ਕਿਸੇ ਗੁਆਂਢੀ ਨੇ ਉਸਦੀ ਪਤਨੀ ਨੂੰ ਮਾਰ ਕੇ ਲਾਸ਼ ਅੰਦਰ ਰੱਖੀ ਹੋਵੇਗੀ। ਜਸਵਿੰਦਰ ਸਿੰਘ ਦਾ ਇਹ ਤੀਜਾ ਵਿਆਹ ਸੀ।