ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਫਰਵਰੀ
ਨਸ਼ਾ ਤਸਕਰੀ ਦੇ ਦੋਸ਼ਾਂ ਅਧੀਨ ਦਰਜ ਕੀਤੇ ਗਏ ਕੇਸ ਦਾ ਸਾਹਮਣਾ ਕਰ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਕਰ ਦਿੱਤਾ ਗਿਆ ਹੈ। ਉਸ ਨੂੰ ਪੁਲੀਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਰਾਤੀ ਨੌਂ ਵਜੇ ਤੋਂ ਬਾਅਦ ਇੱਥੇ ਲਿਆਂਦਾ ਗਿਆ ਤੇ ਮੁੱਢਲੀ ਦਸਤਾਵੇਜ਼ੀ ਕਾਰਵਾਈ ਤੋਂ ਮੁਕੰਮਲ ਕਰਨ ’ਤੇ ਮਜੀਠੀਆ ਨੂੰ ਰਾਤੀ ਸਵਾ ਨੌਂ ਵਜੇ ਜੇਲ੍ਹ ਅੰਦਰ ਭੇਜ ਦਿੱਤਾ ਗਿਆ ਸੀ। ਉਂਜ ਮਜੀਠੀਆ ਨੂੰ ਜੇਲ੍ਹ ਦੀ ਡਿਓਢੀ ’ਚ ਵੀ ਤਕਰੀਬਨ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ ਕਿਉਂਕਿ ਕਿਸੇ ਵੀ ਬੈਰਕ ’ਚ ਭੇਜਣ ਤੋਂ ਪਹਿਲਾਂ ਸਬੰਧਤ ਮੁਲਜ਼ਮ ਦਾ ਕੁਰਸੀਨਾਮਾ (ਸਮੁੱਚੀ ਜਾਣਕਾਰੀ) ਡਿਓਢੀ ’ਚ ਹੀ ਤਿਆਰ ਕੀਤਾ ਜਾਂਦਾ ਹੈ। ਜ਼ਿਕਰਯੋਗ ਕਿ ਪੰਜਾਬ ਦੀ ਚੰਨੀ ਸਰਕਾਰ ਨੇ ਆਪਣੇ ਅੰਤਲੇ ਦਿਨਾਂ ਦੌਰਾਨ ਹੀ 21 ਦਸੰਬਰ 2021 ਨੂੰ ਮਜੀਠੀਆ ਖ਼ਿਲਾਫ਼ ਡੀਜੀਪੀ ਦੇ ਹੁਕਮਾਂ ਅਨੁਸਾਰ ਸਟੇਟ ਕ੍ਰਾਈਮ ਥਾਣਾ ਮੁਹਾਲੀ ਵਿੱਚ ਨਸ਼ਾ ਤਸਕਰੀ ਦੇ ਦੋਸ਼ਾਂ ਅਧੀਨ ਇਹ ਕੇਸ ਦਰਜ ਕੀਤਾ ਸੀ, ਜਿਸ ਦੌਰਾਨ ਐੱਸ.ਟੀ.ਐੱਫ਼ ਵੱੱਲੋਂ ਨਸ਼ਾ ਤਸਕਰੀ ਮਾਮਲੇ ’ਚ ਸਾਲ 2018 ਨੂੰ ਹਾਈ ਕੋਰਟ ’ਚ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ। ਇਸ ਦੌਰਾਨ ਹੀ ਪਹਿਲੀ ਦਸੰਬਰ 2021 ਨੂੰ ਇਹ ਸਟੇਟਸ ਰਿਪੋਰਟ ਪੰੰਜਾਬ ਦੇ ਨਵੇਂ ਐਡਵੋਕੇਟ ਜਨਰਲ ਦਪਿੰਦਰ ਸਿੰਘ ਪਟਵਾਲੀਆ ਦੇ ਕੋਲ ਵੀ ਭੇਜੀ ਗਈ ਸੀ ਅਤੇ ਕਾਨੂੰਨੀ ਰਾਇ ਲੈਣ ਮਗਰੋਂ ਹੀ ਮਜੀਠੀਆ ਖਿਲਾਫ਼ 48 ਸਫਿਆਂ ’ਤੇ ਆਧਾਰਤ ਇਹ ਕੇਸ ਦਰਜ ਕੀਤਾ ਗਿਆ। ਅਦਾਲਤ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਮਗਰੋਂ ਮਜੀਠੀਆ ਨੇ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਹਾਈ ਕੋਰਟ ਨੇ ਸ਼ਰਤਾਂ ਦੇ ਆਧਾਰ ’ਤੇ ਮਜੀਠੀਆ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਮਜੀਠੀਆ ਦੇ ਵਕੀਲਾਂ ਵੱਲੋਂ ਸੁਪਰੀਮ ਕੋਰਟ ’ਚ ਪਹੁੰਚ ਕਰਨ ’ਤੇ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ 23 ਫਰਵਰੀ ਤੱਕ ਰੋਕ ਲਾ ਦਿੱਤੀ ਗਈ ਸੀ, ਜਿਸ ਦੇ ਚੱਲਦਿਆਂ ਹੀ ਮਜੀਠੀਆ 24 ਫਰਵਰੀ ਨੂੰ ਅਦਾਲਤ ’ਚ ਪੇਸ਼ ਹੋਏ ਤੇ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਪਹਿਲਾਂ ਭਾਵੇਂ ਉਨ੍ਹਾਂ ਨੂੰ ਸੰਗਰੂਰ ਜੇਲ੍ਹ ਲਿਜਾਇਆ ਗਿਆ ਪਰ ਰਾਤੀ ਸਵਾ ਨੌ ਵਜੇ ਉਨ੍ਹਾਂ ਨੂੰ ਪਟਿਆਲਾ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ।
ਸੂਤਰਾਂ ਮੁਤਾਬਕ ਮਜੀਠੀਆ ਨੂੰ ਪਟਿਆਲਾ ਜੇਲ੍ਹ ਵਿਚਲੇ ਬਹੁ-ਚਰਚਿਤ ਐੱਮਪੀ ਅਹਾਤੇ ’ਚ ਰੱਖਿਆ ਗਿਆ ਹੈ