ਪਾਇਲ (ਪੱਤਰ ਪ੍ਰੇਰਕ): ਇਥੇ ਅਦਾਲਤ ਵਿੱਚ ਅੱਜ ਨਸ਼ਾ ਤਸਕਰੀ ਦੇ ਦੋਸ਼ ਹੇਠ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਦੋਸ਼ੀ ਅਦਾਲਤ ਵਿੱਚੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਕਿਲਾ ਹਾਂਸ ਤੋਂ 2016 ਵਿੱਚ 45 ਗ੍ਰਾਮ ਚਰਸ ਫੜੀ ਗਈ ਸੀ ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਹ ਜ਼ਮਾਨਤ ’ਤੇ ਬਾਹਰ ਸੀ ਤੇ ਅੱਜ ਸੁਣਵਾਈ ਲਈ ਅਦਾਲਤ ਪੁੱਜਿਆ ਸੀ। ਅਦਾਲਤ ਨੇ ਜਦੋਂ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਤਾਂ ਉਹ ਪੁਲੀਸ ਵੱਲੋਂ ਹਿਰਾਸਤ ਵਿਚ ਲੈਣ ਤੋਂ ਪਹਿਲਾਂ ਹੀ ਉਥੋਂ ਫਰਾਰ ਹੋ ਗਿਆ।