ਪੱਤਰ ਪ੍ਰੇਰਕ
ਪਠਾਨਕੋਟ, 14 ਜੁਲਾਈ
ਭਾਜਪਾ ਦੇ ਸਾਬਕਾ ਵਿਧਾਇਕ ਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਅੱਜ ਇੱਕ ਵਿਰੋਧੀ ਪਾਰਟੀ ’ਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਤੇ ਉਨ੍ਹਾਂ ਦੇ ਬੇਟੇ ਖ਼ਿਲਾਫ਼ ਜ਼ਮੀਨ ਵਿਵਾਦ ’ਚ ਐੱਫਆਈਆਰ ਦਰਜ ਕਰਵਾਉਣ ਦਾ ਦੋਸ਼ ਲਗਾਇਆ ਹੈ। ਸੁਜਾਨਪੁਰ ਹਲਕੇ ਤੋਂ ਲਗਾਤਾਰ 3 ਵਾਰ ਵਿਧਾਇਕ ਰਹੇ ਦਿਨੇਸ਼ ਸਿੰਘ ਬੱਬੂ ਦਾ ਕਹਿਣਾ ਹੈ ਕਿ ਜ਼ਮੀਨੀ ਵਿਵਾਦ ਵਿੱਚ ਉਨ੍ਹਾਂ ਦੇ ਬੇਟੇ (ਸ਼ਿਵਨੰਦਨ ਠਾਕੁਰ) ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਪੁਲੀਸ ਨੇ ਉਨ੍ਹਾਂ ਦੇ ਬੇਟੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ, ਉਸ ਸਮੇਂ ਉਨ੍ਹਾਂ ਦਾ ਬੇਟਾ ਪੁਣੇ ਸਥਿਤ ਆਪਣੇ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ।
ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਵੱਲੋਂ ਪਠਾਨਕੋਟ ਦੇ ਏਪੀਕੇ ਰੋਡ ’ਤੇ 18 ਮਰਲੇ ਜ਼ਮੀਨ ਖ਼ਰੀਦੀ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸ ਜ਼ਮੀਨ ’ਤੇ ਸਾਬਕਾ ਵਿਧਾਇਕ ਨੇ ਚਾਰ ਦੀਵਾਰੀ ਕਰਵਾਉਣੀ ਚਾਹੀ ਤਾਂ ਵਿਰੋਧੀ ਪਾਰਟੀ ਨੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੀ ਸਾਜ਼ਿਸ਼ ਤਹਿਤ, ਉਨ੍ਹਾਂ ਦੇ ਬੇਟੇ ਸ਼ਿਵਨੰਦਨ ਠਾਕੁਰ ਉਪਰ ਕੇਸ ਦਰਜ ਕਰਵਾ ਦਿੱਤਾ ਹੈ। ਐੱਫਆਈਆਰ ਵਿੱਚ ਵਿਧਾਇਕ ਦੇ ਬੇਟੇ ਖ਼ਿਲਾਫ਼ ਆਈਪੀਸੀ ਦੀ ਧਾਰਾ 447, 506, 149 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਐਫਆਈਆਰ ਵਿੱਚ ਕੁੱਝ ਹੋਰ ਧਾਰਾਵਾਂ 454, 427, 511 ਵੀ ਜੋੜ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਕਿ ਪੁਲੀਸ ਨੇ ਜਦ ਪੜਤਾਲ ਕੀਤੀ ਤਾਂ ਉਸ ਵਿੱਚ ਵੀ ਇਹੀ ਸਾਬਤ ਹੋਇਆ ਸੀ ਕਿ ਸਾਬਕਾ ਵਿਧਾਇਕ ਦਾ ਬੇਟਾ ਪੁਣੇ ਵਿੱਚ ਹੀ ਸੀ। ਉਨ੍ਹਾਂ ਮੰਗ ਕੀਤੀ ਕਿ ਇਹ ਝੂਠਾ ਮਾਮਲਾ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।