ਦਲਬੀਰ ਸੱਖੋਵਾਲੀਆ
ਬਟਾਲਾ, 23 ਸਤੰਬਰ
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਬਟਾਲਾ ’ਚ ਕਰੀਬ 22 ਦਿਨ ਪਹਿਲਾਂ ਲਗਾਏ ਦੋ ਚੇਅਰਮੈਨਾਂ ਨੂੰ ਹਟਾ ਕੇ ਹੁਣ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕਰੀਬੀਆਂ ਨੂੰ ਲਗਾਇਆ ਗਿਆ ਹੈ। ਬੀਤੇ ਦਿਨ ਜਾਰੀ ਹੋਏ ਨੋਟੀਫ਼ਿਕੇਸ਼ਨ ਅਨੁਸਾਰ ਬਟਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਰਾਜਿੰਦਰ ਸਿੰਘ ਸਰੂਪਵਾਲੀ ਤੇ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਕਸਤੂਰੀ ਲਾਲ ਸੇਠ ਨੂੰ ਬਣਾਇਆ ਗਿਆ ਹੈ।
ਇਨ੍ਹਾਂ ਦੋਵਾਂ ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 16 ਅਗਸਤ ਨੂੰ ਅਹੁਦੇ ’ਤੋਂ ਹਟਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਗੁਰਿੰਦਰ ਸਿੰਘ ਚੀਕੂ ਨੂੰ ਮਾਰਕਿਟ ਕਮੇਟੀ ਤੇ ਪਵਨ ਪੰਮਾ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਲਗਾਇਆ ਗਿਆ ਸੀ। ਹੁਣ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਹਨ ਤਾਂ ਬਟਾਲਾ ਵਿੱਚ ਸਥਿਤੀ ਮੁੜ ਪਲਟਾ ਖਾ ਗਈ ਹੈ। ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੇ ਨਵਜੋਤ ਸਿੱਧੂ ਧੜੇ ’ਚ ਸ਼ਾਮਲ ਹੋਣ ਤੋਂ ਖਫ਼ਾ ਹੋਏ ਕੈਪਟਨ ਨੇ ਉਨ੍ਹਾਂ ਨੂੰ ਬਟਾਲਾ ਤੋਂ ਦੂਰ ਕਰ ਦਿੱਤਾ ਸੀ ਪਰ ਇਸ ਦਾ ਅਸਰ ਸਥਾਨਕ ਵਿਕਾਸ ਕਾਰਜਾਂ ’ਤੇ ਵੀ ਪਿਆ ਸੀ। ਉਸ ਸਮੇਂ ਤੋਂ ਇੱਥੇ ਵਿਕਾਸ ਕਾਰਜ ਇੱਕ ਤਰ੍ਹਾਂ ਨਾਲ ਰੁਕ ਗਏ ਸਨ।
ਦਮਨਦੀਪ ਨੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਅੰਮ੍ਰਿਤਸਰ (ਟਨਸ): ਸਥਾਨਕ ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਦਮਨਦੀਪ ਸਿੰਘ ਨੇ ਅੱਜ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਪੰਜਾਬ ’ਚ ਕਾਂਗਰਸ ਦੀ ਵਜ਼ਾਰਤ ਵਿੱਚ ਹੋਈ ਤਬਦੀਲੀ ਮਗਰੋਂ ਬੀਤੇ ਕੱਲ੍ਹ ਨਵੇਂ ਮੁੱਖ ਮੰਤਰੀ ਦੀ ਆਮਦ ਮੌਕੇ ਕੈਪਟਨ ਅਮਰਿੰਦਰ ਸਿੰਘ ਸਮਰਥਕ ਦਿਨੇਸ਼ ਬੱਸੀ ਨੂੰ ਇਸ ਅਹੁਦੇ ਤੋਂ ਹਟਾ ਕੇ ਨਵਜੋਤ ਸਿੰਘ ਸਿੱਧੂ ਸਮਰਥਕ ਕੌਂਸਲਰ ਦਮਨਦੀਪ ਸਿੰਘ ਨੂੰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਨਿਯੁਕਤ ਕਰ ਦਿੱਤਾ ਸੀ। ਅੱਜ ਬਾਅਦ ਦੁਪਹਿਰ ਇੱਥੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਨਵ-ਨਿਯੁਕਤ ਚੇਅਰਮੈਨ ਦਮਨਦੀਪ ਸਿੰਘ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ। ਇਸ ਮੌਕੇ ਵਿਧਾਇਕ ਸੁਨੀਲ ਦੱਤੀ ਸਮੇਤ ਕਾਂਗਰਸ ਦਿਹਾਤੀ ਕਮੇਟੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਸ਼ਹਿਰੀ ਕਮੇਟੀ ਦੀ ਪ੍ਰਧਾਨ ਜਤਿੰਦਰ ਸੋਨੀਆ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ। ਨਵ-ਨਿਯੁਕਤ ਚੇਅਰਮੈਨ ਦਮਨਦੀਪ ਸਿੰਘ ਨੇ ਆਖਿਆ ਕਿ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ।