ਪੱਤਰ ਪ੍ਰੇਰਕ
ਅਟਾਰੀ, 12 ਜਨਵਰੀ
ਅਫ਼ਗ਼ਾਨਿਸਤਾਨ ਦੇ ਰਾਜਦੂਤ ਫ਼ਰੀਦ ਮਜ਼ੂਮਦਾਰੇ ਦੀ ਅਗਵਾਈ ਹੇਠ ਅੱਜ ਨੌਂ ਮੈਂਬਰੀ ਅਫ਼ਗ਼ਾਨ ਅਧਿਕਾਰੀਆਂ ਦਾ ਵਫ਼ਦ ਭਾਰਤੀ ਕਸਟਮ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਸੰਗਠਿਤ ਚੈੱਕ ਪੋਸਟ ਅਟਾਰੀ ਪੁੱਜਾ। ਇਸ ਮੌਕੇ ਭਾਰਤੀ ਕਸਟਮ ਅਧਿਕਾਰੀਆਂ ਅਤੇ ਅਫ਼ਗ਼ਾਨ ਅਧਿਕਾਰੀਆਂ ਦੇ ਵਫ਼ਦ ਵਿਚਕਾਰ ਅਗਲੇ ਦੋ ਦਿਨਾਂ ਦੌਰਾਨ ਭਾਰਤ ਤੋਂ ਪਾਕਿਸਤਾਨ ਰਾਹੀਂ ਅਫ਼ਗ਼ਾਨਿਸਤਾਨ ਨੂੰ ਕਣਕ ਦੀ ਬਰਾਮਦ ਸਬੰਧੀ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਕਸਟਮ ਅਧਿਕਾਰੀਆਂ ਨੇ ਅਫ਼ਗ਼ਾਨੀ ਵਫ਼ਦ ਨੂੰ ਦੱਸਿਆ ਕਿ ਉਹ ਭਾਰਤ ਤੋਂ ਕਣਕ ਦਰਾਮਦ ਦੀ ਸਹੂਲਤ ਵੀ ਦੇਣਗੇ। ਗ਼ੌਰਤਲਬ ਹੈ ਕਿ ਅਗਸਤ 2019 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਭਾਰਤੀ ਮਾਲ ਲੈ ਕੇ ਜਾਣ ਵਾਲਾ ਟਰੱਕ ਪਾਕਿਸਤਾਨ ਦੇ ਸੜਕ ਰਸਤੇ ਅਫ਼ਗ਼ਾਨਿਸਤਾਨ ਜਾਵੇਗਾ। ਪਿਛਲੇ ਮਹੀਨੇ ਭਾਰਤ ਨੇ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 50,000 ਮੀਟਰਕ ਟਨ ਕਣਕ ਦੇਣ ਦਾ ਐਲਾਨ ਕੀਤਾ ਸੀ ਅਤੇ ਪਾਕਿਸਤਾਨ ਨੂੰ ਵਾਹਗਾ ਸਰਹੱਦ ਰਸਤੇ ਇਸ ਦੀ ਆਵਾਜਾਈ ਦੀ ਆਗਿਆ ਦੇਣ ਦੀ ਮੰਗ ਕੀਤੀ ਸੀ।
ਅਫ਼ਗ਼ਾਨਿਸਤਾਨ ਦੇ ਰਾਜਦੂਤ ਫ਼ਰੀਦ ਮਜ਼ੂਮਦਾਰੇ ਦੀ ਅਗਵਾਈ ਹੇਠ ਵਫ਼ਦ ਨੇ ਸ਼ਾਮ ਦੇ ਸਮੇਂ ਅਟਾਰੀ-ਵਾਹਗਾ ਸਰਹੱਦ ਵਿਖੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰੇਮਨੀ) ਦਾ ਆਨੰਦ ਮਾਣਿਆ।
ਇਸ ਮੌਕੇ ਵਫ਼ਦ ਨੇ ਅਟਾਰੀ ਸਰਹੱਦ ਵਿਖੇ ਸੀਮਾ ਸੁਰੱਖਿਆ ਸੀਮਾ ਬਲ ਦਾ ਅਜਾਇਬਘਰ, ਸਟੇਡੀਅਮ, ਬਾਰਡਰ ਪਿਲਰ ਵੇਖਿਆ ਅਤੇ ਜਵਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੀਮਾ ਸੁਰੱਖਿਆ ਬਲ ਦੇ ਪ੍ਰਦੀਪ ਸਿੰਘ ਕਮਾਂਡੈਂਟ, ਅਨੰਤ ਕੁਮਾਰ ਸੈਕਿੰਡ-ਇਨ-ਕਮਾਂਡ, ਅਨਿਲ ਕੁਮਾਰ ਸੈਕਿੰਡ-ਇਨ-ਕਮਾਂਡ 168 ਬਟਾਲੀਅਨ ਅਤੇ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਹਾਜ਼ਰ ਸਨ।
ਬੀਐੱਸਐੱਫ ਨੇ ਸਰਹੱਦੀ ਖੇਤਰ ਵਿੱਚੋਂ ਸੱਤ ਕਿਲੋ ਤੋਂ ਵੱਧ ਹੈਰੋਇਨ ਫੜੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ ): ਬੀਐੱਸਐੱਫ ਨੇ ਸਰਹੱਦੀ ਇਲਾਕੇ ਵਿੱਚੋਂ ਇਕ ਪਿਸਤੌਲ ਤੇ ਪੰਜ ਗੋਲੀਆਂ ਬਰਾਮਦ ਕੀਤੀਆਂ ਹਨ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੋ ਵੱਖ-ਵੱਖ ਥਾਵਾਂ ਤੋਂ ਹਥਿਆਰ ਤੇ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਕੰਡਿਆਲੀ ਤਾਰ ਦੇ ਨੇੜੇ ਕੀਤੀ ਜਾਂਚ ਦੌਰਾਨ ਹਥਿਆਰ ਮਿਲੇ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਕੀਤੀ ਜਾਂਚ ਦੌਰਾਨ ਛੇ ਪੈਕੇਟ ਹੈਰੋਇਨ ਦੇ ਮਿਲੇ ਹਨ ਜੋ ਪੀਲੇ ਰੰਗ ਦੇ ਲਿਫਾਫੇ ਵਿੱਚ ਲਪੇਟੇ ਹੋਏ ਸਨ। ਇਸ ਵਿੱਚੋਂ ਇਕ ਪਿਸਤੌਲ ਇਕ ਮੈਗਜ਼ੀਨ ਅਤੇ ਪੰਜਾਹ ਗੋਲੀਆਂ ਵੀ ਬਰਾਮਦ ਹੋਈਆਂ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਇਕ ਹੋਰ ਸਰਹੱਦੀ ਖੇਤਰ ਵਿੱਚੋਂ ਬੀਐੱਸਐੱਫ ਨੂੰ ਇਕ ਪੈਕੇਟ ਹੈਰੋਇਨ ਦਾ ਬਰਾਮਦ ਹੋਇਆ ਹੈ ਜਿਸ ਵਿੱਚੋਂ ਲਗਪਗ ਇੱਕ ਕਿੱਲੋ ਨਸ਼ੀਲਾ ਪਦਾਰਥ ਮਿਲੀਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਤਿੰਨ ਥਾਵਾਂ ਤੋਂ ਕੁੱਲ ਸੱਤ ਕਿੱਲੋ ਤੋਂ ਵੱਧ ਹੈਰੋਇਨ ਦੋ ਪਿਸਤੌਲ, ਦੋ ਮੈਗਜ਼ੀਨ ਅਤੇ 55 ਗੋਲੀਆਂ ਬਰਾਮਦ ਹੋਈਆਂ ਹਨ।