ਰਾਕੇਸ਼ ਸੈਣੀ
ਨੰਗਲ, 9 ਫਰਵਰੀ
ਬਲਾਕ ਕਾਂਗਰਸ ਨੰਗਲ ਦੇ ਬੁਲਾਰੇ ਅਤੇ ਕੌਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ‘ਆਪ’ ਉਮੀਦਵਾਰ ਹਰਜੋਤ ਸਿੰਘ ਬੈਂਸ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੋਨਾਂ ਆਗੂਆਂ ’ਤੇ ਕਈ ਗੰਭੀਰ ਦੋਸ਼ ਲਾਏ ਹਨ।
ਐਡਵੋਕੇਟ ਪੰਮਾ ਨੇ ਕਿਹਾ ਕਿ ਹਰਜੋਤ ਸਿੰਘ ਬੈਂਸ ਵੱਲੋਂ 2017 ਅਤੇ 2022 ਵਿਚ ਚੋਣ ਲੜਣ ਵੇਲੇ ਦਿੱਤੇ ਹਲਫਨਾਮਿਆਂ ’ਚ ਵੱਡਾ ਫਰਕ ਹੈ। ਉਨ੍ਹਾਂ ਸਵਾਲ ਕੀਤਾ ਬੈਂਸ ਕੋਲ ਹੁਣ ਹਲਫ਼ਨਾਮੇ ਵਿੱਚ ਦਿਖਾਈ ਗਈ ਜਾਇਦਾਦ ਕਿੱਥੋਂ ਆਈ ਹੈ, ਜਿਹੜੀ 2017 ਦੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ ਨਹੀਂ ਸੀ। ਪੰਮਾ ਨੇ ਹਰਜੋਤ ਸਿੰਘ ਬੈਂਸ ਦੇ ਪਿਤਾ ਨੂੰ ਇੱਕ ਕੇਸ ਵਿੱਚ ਕਥਿਤ ਤੌਰ ’ਤੇ ਸਜ਼ਾ ਹੋਣ ਸਬੰਧੀ ਦਸਤਾਵੇਜ਼ ਵੀ ਦਿਖਾਇਆ। ਉਨ੍ਹਾਂ ਨੇ ਬੈਂਸ ’ਤੇ ਪੀਏਸੀਐੱਲ ਫੈਕਟਰੀ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਵੀ ਲਾਇਆ ਹੈ।
ਪੰਮਾ ਵੱਲੋਂ ਲਾਏ ਦੋਸ਼ ਤਰਕਹੀਣ: ਬੈਂਸ
‘ਆਪ’ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਰਮਜੀਤ ਸਿੰਘ ਪੰਮਾਂ ਵੱਲੋਂ ਲਾਏ ਗਏ ਦੋਸ਼ ਤਰਕਹੀਣ ਹਨ। ਉਨ੍ਹਾਂ ਕਿਹਾ, ‘‘ਮੇਰੀ ਜਾਇਦਾਦ ਵਿੱਚ ਜੇਕਰ ਕੋਈ ਵਾਧਾ ਹੋਇਆ ਹੈ ਤਾਂ ਉਸ ਦੇ ਵੇਰਵੇ ਕੋਈ ਵੀ ਵੋਟਰ ਜਾ ਆਮ ਆਦਮੀ ਦੇਖ ਸਕਦਾ ਹੈ, ਸਵਾਲ ਪੁੱਛ ਸਕਦਾ ਹੈ। ਅਸਲ ਵਿੱਚ ਕਾਂਗਰਸ ਦੇ ਆਗੂ ਸਾਡੀ ਪਾਰਟੀ ਦੀ ਚੜ੍ਹਤ ਤੋਂ ਘਬਰਾ ਕੇ ਦੂਸ਼ਣਬਾਜੀ ਕਰ ਰਹੇ ਹਨ।’’ ਉਨ੍ਹਾਂ ਨੇ ਪਰਿਵਾਰ ’ਤੇ ਨਿੱਜੀ ਹਮਲਿਆ ਦੀ ਕਾਂਗਰਸੀ ਆਗੂਆਂ ਦੀ ਨਿਖੇਧੀ ਵੀ ਕੀਤੀ। ਇਸੇ ਦੌਰਾਨ ‘ਆਪ’ ਦੇ ਸੀਨੀਅਰ ਆਗੂ ਡਾ. ਸੰਜੀਵ ਗੌਤਮ ਨੇ ਰਾਜਸੀ ਵਿਰੋਧੀਆਂ ਨੂੰ ਨਿੱਜੀ ਹਮਲੇ ਨਾ ਕਰਨ ਦੀ ਅਪੀਲ ਕੀਤੀ ਹੈ।