ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 13 ਜੂਨ
ਮੁਹਾਲੀ ਦੇ ਮਟੌਰ ਥਾਣੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਦਰਜ ਅਪਰਾਧਕ ਮਾਮਲੇ ਦੀ ਪੈਰਵੀ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸਰਤੇਜ ਸਿੰਘ ਨਰੂਲਾ ਕਰਨਗੇ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਦੇ ਸਕੱਤਰ ਅਰੁਣ ਸੇਖੜੀ ਵੱਲੋਂ ਸਰਤੇਜ ਸਿੰਘ ਨਰੂਲਾ ਨੂੰ ਸਾਬਕਾ ਡੀਜੀਪੀ ਮਾਮਲੇ ਵਿੱਚ ਮੁਹਾਲੀ ਅਦਾਲਤ ਵਿੱਚ ਚੱਲ ਰਹੇ ਅਪਰਾਧਕ ਕੇਸ ਦੀ ਪੈਰਵੀ ਕਰਨ ਲਈ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨਾਲ ਜ਼ਿਲ੍ਹਾ ਅਦਾਲਤ ਮੁਹਾਲੀ ਦੇ ਸੀਨੀਅਰ ਸਰਕਾਰੀ ਵਕੀਲ ਸੰਜੀਵ ਬੱਤਰਾ ਵੀ ਸਹਿਯੋਗ ਕਰਨਗੇ। ਉਂਜ ਸ੍ਰੀ ਬੱਤਰਾ ਨੇ ਇਨ੍ਹਾਂ ਤਾਜ਼ਾ ਹੁਕਮਾਂ ਬਾਰੇ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਹਾਲੇ ਤੱਕ ਮੁਹਾਲੀ ਅਦਾਲਤ ਵਿੱਚ ਇਨ੍ਹਾਂ ਹੁਕਮਾਂ ਦੀ ਕਾਪੀ ਨਹੀਂ ਪਹੁੰਚੀ ਹੈ ਅਤੇ ਸੋਮਵਾਰ ਨੂੰ ਅਦਾਲਤਾਂ ਖੁੱਲ੍ਹਣ ’ਤੇ ਸਰਕਾਰੀ ਪੱਤਰ ਪ੍ਰਾਪਤ ਹੋਣ ਬਾਰੇ ਕੁੱਝ ਦੱਸਿਆ ਜਾ ਸਕਦਾ ਹੈ, ਪਰ ਪੰਜਾਬੀ ਟ੍ਰਿਬਿਊਨ ਕੋਲ ਇਨ੍ਹਾਂ ਤਾਜ਼ਾ ਹੁਕਮਾਂ ਦੀ ਕਾਪੀ ਮੌਜੂਦ ਹੈ। ਇਨ੍ਹਾਂ ਵਿੱਚ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਸਿਫ਼ਾਰਸ਼ ਦਾ ਹਵਾਲਾ ਦਿੱਤਾ ਗਿਆ ਹੈ। ਸ੍ਰੀ ਸੈਣੀ ’ਤੇ ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਮੁਹਾਲੀ ਸਥਿਤ ਉਨ੍ਹਾਂ ਦੇ ਘਰੋਂ ਅਗਵਾ ਕਰ ਕੇ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦਾ ਦੋਸ਼ ਹੈ। ਉਧਰ, ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਨੇ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਕੇਸ ਦੀ ਸੁਣਵਾਈ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ।
ਮੁਹਾਲੀ ਅਦਾਲਤ ਨੇ ਸੈਣੀ ਨੂੰ 15 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ ਤੇ ਇਸੇ ਦਿਨ ਹੀ ਸ੍ਰੀ ਨਰੂਲਾ ਪਹਿਲੀ ਵਾਰ ਕੇਸ ਵਿਚ ਜਿਰਾ ਕਰਨਗੇ।