ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਨਵੰਬਰ
ਮੁੱਖ ਅੰਸ਼
- ਸਾਰਾ ਿਦਨ ਚਲਦੀ ਰਹੀ ਅਸਤੀਫ਼ੇ ਦੀ ਚਰਚਾ
ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਦੇ ਅਸਤੀਫੇ ਨੂੰ ਲੈ ਕੇ ਭੇਤ ਬਣ ਗਿਆ ਹੈ। ਅੱਜ ਸਵੇਰੇ ਦਿਓਲ ਦੇ ਦਫ਼ਤਰ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਚਰਚੇ ਜ਼ੋਰਾਂ ’ਤੇ ਰਹੇ ਕਿ ਐਡਵੋਕੇਟ ਜਨਰਲ ਨੇ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਹਾਲਾਂਕਿ ਦੇਰ ਸ਼ਾਮ ਐਡਵੋਕੇਟ ਜਨਰਲ ਦਿਓਲ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਅਸਤੀਫਾ ਨਹੀਂ ਦਿੱਤਾ ਹੈ। ਦਿਓਲ ਨੇ ਕਿਹਾ ਕਿ ਕਈ ਵਾਰ ਦਬਾਅ ਬਣਾਉਣ ਦੇ ਇਰਾਦੇ ਨਾਲ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਜਿਹੀ ਕੋਈ ਗੱਲ ਨਹੀਂ ਹੋਈ। ਉਂਜ ਹਕੀਕਤ ਕੀ ਹੈ, ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਕੁਝ ਬੋਲਣ ਨੂੰ ਤਿਆਰ ਨਹੀਂ ਹੈ। ਏਨਾ ਜ਼ਰੂਰ ਹੈ ਕਿ ਪੰਜਾਬ ਸਰਕਾਰ ਦੇਰ ਸਵੇਰ ਐਡਵੋਕੇਟ ਜਨਰਲ ਨੂੰ ਬਦਲਣ ਦੇ ਰੌਂਅ ਵਿਚ ਤਾਂ ਹੈ, ਪਰ ਨਾਲ ਹੀ ਇਸ ਦਾ ਸਿਆਸੀ ਲਾਹਾ ਨਵਜੋਤ ਸਿੱਧੂ ਦੀ ਝੋਲੀ ਵੀ ਨਹੀਂ ਪਾਉਣਾ ਚਾਹੁੰਦੀ ਹੈ।
ਚੰਨੀ ਸਰਕਾਰ ਹੁਣ ਐਡਵੋਕੇਟ ਜਨਰਲ ਨੂੰ ਤਬਦੀਲ ਕੀਤੇ ਜਾਣ ਦੇ ਮਾਮਲੇ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਸਿਆਸੀ ਠਿੱਬੀ ਲਾਉਣ ਦੀ ਤਾਕ ਵਿਚ ਹੈ। ਅੱਜ ਸਾਰਾ ਦਿਨ ਅਟਕਲਾਂ ਦਾ ਬਾਜ਼ਾਰ ਗਰਮ ਰਿਹਾ ਕਿ ਐਡਵੋਕੇਟ ਜਨਰਲ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਐਡਵੋਕੇਟ ਜਨਰਲ ਦਿਓਲ ਨੂੰ ਤਬਦੀਲ ਕੀਤੇ ਜਾਣ ਬਾਰੇ ਕਾਂਗਰਸ ਹਾਈਕਮਾਨ ਦੀ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਹੋਈ ਮੀਟਿੰਗ ਵਿਚ ਹੀ ਤੈਅ ਹੋ ਗਿਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਅਤੇ ਐਡਵੋਕੇਟ ਜਨਰਲ ਏਪੀਐਸ ਦਿਓਲ ਦੀ ਨਿਯੁਕਤੀ ’ਤੇ ਉਂਗਲ ਚੁੱਕਦਿਆਂ ਇਨ੍ਹਾਂ ਦੇ ਤਬਾਦਲੇ ਦੀ ਮੰਗ ਉਠਾਈ ਸੀ।
ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਦੀ ਨਰਾਜ਼ਗੀ ਦੂਰ ਕਰਨ ਲਈ ਐਡਵੋਕੇਟ ਜਨਰਲ ਦਿਓਲ ਨੂੰ ਤਬਦੀਲ ਕੀਤੇ ਜਾਣ ਬਾਰੇ ਆਖ ਦਿੱਤਾ ਹੈ, ਪਰ ਚੰਨੀ ਸਰਕਾਰ ਇਸ ਪੂਰੇ ਮਾਮਲੇ ’ਤੇ ਕੋਈ ਸਿਆਸੀ ਫਾਇਦਾ ਨਵਜੋਤ ਸਿੱਧੂ ਨੂੰ ਦੇਣ ਦੇ ਰੌਂਅ ਵਿਚ ਨਹੀਂ ਹੈ। ਇਸੇ ਕਰਕੇ ਇਹ ਚੁੰਝ-ਚਰਚਾ ਸਿਖਰ ’ਤੇ ਹੈ ਕਿ ਪੰਜਾਬ ਸਰਕਾਰ ਸਿੱਖ ਜਥੇਬੰਦੀਆਂ ਦੇ ਦਬਾਓ ਹੇਠ ਐਡਵੋਕੇਟ ਜਨਰਲ ਨੂੰ ਬਦਲਣ ਦੀ ਤਿਆਰੀ ਵਿਚ ਹੈ। ਐਡਵੋਕੇਟ ਜਨਰਲ ਦਿਓਲ ਨੇ 27 ਸਤੰਬਰ ਨੂੰ ਅਹੁਦਾ ਸੰਭਾਲਿਆ ਸੀ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਨਿਯੁਕਤੀ ਸਿਆਸੀ ਨਿਸ਼ਾਨੇ ’ਤੇ ਰਹੀ। ਸ੍ਰੀ ਦਿਓਲ ਬਹਬਿਲ ਗੋਲੀਕਾਂਡ ਵਿਚ ਘਿਰੇ ਪੁਲੀਸ ਅਧਿਕਾਰੀ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਰਹੇ ਹਨ, ਜਿਸ ਕਰਕੇ ਉਨ੍ਹਾਂ ’ਤੇ ਸਿਆਸੀ ਉਂਗਲ ਉੱਠ ਰਹੀ ਸੀ। ਪੰਜਾਬ ਸਰਕਾਰ ਨੇ ਵਿਵਾਦ ਠੱਲਣ ਲਈ ਬੇਅਦਬੀ ਮਾਮਲਿਆਂ ਦੀ ਪੈਰਵੀ ਲਈ ਰਾਜਵਿੰਦਰ ਸਿੰਘ ਬੈਂਸ ਨੂੰ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਲਗਾ ਦਿੱਤਾ ਸੀ, ਪਰ ਕਾਨੂੰਨੀ ਨੁਕਤੇ ਤੋਂ ਉਹ ਪੈਂਤੜਾ ਵੀ ਰਾਸ ਨਹੀਂ ਆਇਆ ਸੀ।