ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪਣੇ ਸਲਾਹਕਾਰਾਂ ਦੀ ਨਿਯੁਕਤੀ ਕੀਤੇ ਜਾਣ ਨਾਲ ਸਿਆਸੀ ਧੂੰਆਂ ਉੱਠਣ ਲੱਗਾ ਹੈ। ਹਾਲਾਂਕਿ ਨਵੇਂ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਸਲਾਹਕਾਰ ਟੀਮ ਦੀ ਨਿਯੁਕਤੀ ਤੋਂ ਨਵੇਂ ਚਰਚੇ ਛਿੜ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫ਼ੋਂ ਹਾਲੇ ਤੱਕ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ਮੁੱਖ ਮੰਤਰੀ ਇਸ ਸਲਾਹਕਾਰੀ ਟੀਮ ਦੇ ਫ਼ੈਸਲੇ ਨੂੰ ਇੱਕ ਮੌਕੇ ਵਜੋਂ ਲੈ ਰਹੇ ਹਨ। ਪੰਜਾਬ ਕਾਂਗਰਸ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਕਿ ਪ੍ਰਧਾਨ ਵੱਲੋਂ ਆਪਣੇ ਨਾਲ ਸਲਾਹਕਾਰ ਨਿਯੁਕਤ ਕੀਤੇ ਗਏ ਹੋਣ। ਕਾਂਗਰਸ ਦੇ ਸੰਵਿਧਾਨ ਵਿੱਚ ਵੀ ਕਾਂਗਰਸ ਪ੍ਰਧਾਨ ਦੇ ਸਲਾਹਕਾਰ ਦਾ ਕੋਈ ਅਹੁਦਾ ਦਰਜ ਨਹੀਂ ਹੈ। ਟਕਸਾਲੀ ਕਾਂਗਰਸੀ ਆਖਦੇ ਹਨ ਕਿ ਹਾਈਕਮਾਨ ਦੀ ਪ੍ਰਵਾਨਗੀ ਤੋਂ ਬਿਨਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਕੋਈ ਵੀ ਨਿਯੁਕਤੀ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਬਲਾਕ ਪ੍ਰਧਾਨ ਵੀ ਖ਼ੁਦ ਨਹੀਂ ਲਾ ਸਕਦਾ। ਦੇਖਿਆ ਜਾਵੇ ਤਾਂ ਨਵਜੋਤ ਸਿੱਧੂ ਨੇ ਇਸ ਚੋਣ ਵਿੱਚ ਧਾਰਮਿਕ ਨਜ਼ਰੀਏ ਤੋਂ ਪੂਰਾ ਤਵਾਜ਼ਨ ਰੱਖਿਆ ਹੈ।
ਵਿਰੋਧੀ ਖੇਮੇ ਦੇ ਹੱਥ ਲੱਗਿਆ ਬਟੇਰ਼
ਨਵੀਂ ਸਲਾਹਕਾਰੀ ਟੀਮ ਲਈ ਨਵਜੋਤ ਸਿੱਧੂ ਨੇ ਕਾਂਗਰਸ ਹਾਈਕਮਾਨ ਤੋਂ ਅਗਾਊਂ ਪ੍ਰਵਾਨਗੀ ਲਈ ਹੈ ਜਾਂ ਨਹੀਂ, ਇਹ ਵੀ ਚਰਚਾ ਦਾ ਮੁੱਦਾ ਬਣ ਗਿਆ ਹੈ। ਨਵਜੋਤ ਸਿੱਧੂ ਦੇ ਵਿਰੋਧੀ ਖੇਮੇ ਨੇ ਇਸ ਗੱਲ ਨੂੰ ਵੀ ਤੂਲ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਸਲਾਹਕਾਰੀ ਟੀਮ ਵਿੱਚ ਕਾਂਗਰਸੀ ਵਜੋਂ ਸਿਰਫ਼ ਅਮਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਨਵੀਂ ਸਲਾਹਕਾਰ ਟੀਮ ਬਣਨ ਮਗਰੋਂ ਕਾਂਗਰਸ ਹਾਈਕਮਾਨ ਵੱਲੋਂ ਲਾਏ ਚਾਰ ਕਾਰਜਕਾਰੀ ਪ੍ਰਧਾਨ ਵੀ ਹੁਣ ਥੋੜ੍ਹੀ ਔਖ ਵਿੱਚ ਜਾਪ ਰਹੇ ਹਨ ਪਰ ਕੋਈ ਵੀ ਮੂੰਹ ਨਹੀਂ ਖੋਲ੍ਹ ਰਿਹਾ ਹੈ। ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਆਪਣੇ ਕਾਰਜਕਾਰੀ ਪ੍ਰਧਾਨਾਂ ਨੂੰ ਤਰਜੀਹ ਦੇਣਗੇ ਜਾਂ ਫਿਰ ਆਪਣੀ ਸਲਾਹਕਾਰੀ ਟੀਮ ਨੂੰ।