ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਮਾਰਚ
ਸੰਯੁਕਤ ਕਿਸਾਨ ਮੋਰਚੇ ਨੇ ਮੋਰਚਿਆਂ ਵਿੱਚ ਹਿੱਸਾ ਲੈ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਟਰਾਲੀਆਂ ਜਾਂ ਆਰਜ਼ੀ ਤੰਬੂਆਂ ਵਿੱਚ ਏਅਰਕੰਡੀਸ਼ਨ ਨਾ ਲਾਉਣ ਤੇ ਨਾ ਹੀ ਪੱਕੀਆਂ ਉਸਾਰੀਆਂ ਕਰਨ। ਮੋਰਚੇ ਵੱਲੋਂ ਉਸਾਰੀਆਂ ਨਾ ਕਰਨ ਦੀ ਅਪੀਲ ਪਹਿਲਾਂ ਵੀ ਕੀਤੀ ਗਈ ਸੀ ਜਦੋਂ ਸੋਨੀਪਤ ਜ਼ਿਲ੍ਹਾ ਪ੍ਰਸ਼ਾਸਨ ਨੇ ਅਣਪਛਾਤੇ ਕਿਸਾਨਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਉਸਾਰੀਆਂ ਕਾਰਨ ਕੇਸ ਦਰਜ ਕਰ ਲਏ ਗਏ ਸਨ।
ਕਿਸਾਨ ਆਗੂਆਂ ਨੇ ਸਿੰਘੂ ਬਾਰਡਰ ਦੇ ਮੋਰਚੇ ਦੇ ਮੁੱਖ ਮੰਚ ਤੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਰਾਲੀਆਂ ਵਿੱਚ ਏਸੀ ਨਾ ਲਾਉਣ। ਨਾਲ ਹੀ ਅੱਜ ਕਿਸਾਨ ਆਗੂਆਂ ਨੇ ਜੀਪ ’ਤੇ ਸਪੀਕਰ ਲਾ ਕੇ ਮੁਨਾਦੀ ਕੀਤੀ ਕਿ ਕਿਸਾਨ ਵੀਰ ਭਲਕੇ ਹੋਲੀ ਮੌਕੇ ਟਰੈਕਟਰਾਂ ਉਪਰ ਡੈੱਕ ਵਜਾਉਂਦਿਆਂ ਤੇ ਸ਼ਰਾਬ ਪੀ ਕੇ ਪਿੰਡਾਂ ਤੇ ਨੇੜੇ ਦੀਆਂ ਕਲੋਨੀਆਂ ਵਿੱਚ ਨਾ ਜਾਣ। ਮੋਰਚੇ ਨੇ ਲੋਕਾਂ ਵੱਲੋਂ ਚਾਰ ਮਹੀਨਿਆਂ ਤੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕੁਝ ਵਾਲੰਟੀਅਰਾਂ ਵੱਲੋਂ ਸਥਾਨਕ ਲੋਕਾਂ ਨਾਲ ਕੀਤੀ ਗਈ ਬਦਤਮੀਜ਼ੀ ਲਈ ਮੁਆਫ਼ੀ ਵੀ ਮੰਗੀ।