ਪੱਤਰ ਪ੍ਰੇਰਕ
ਅਟਾਰੀ, 20 ਜਨਵਰੀ
ਅਟਾਰੀ ਸਰਹੱਦ ਦੀ ਸਾਂਝੀ ਜਾਂਚ ਚੌਕੀ ’ਤੇ ਰੋਜ਼ਾਨਾ ਸ਼ਾਮ ਸਮੇਂ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਹੁਣ ਆਮ ਲੋਕਾਂ ਲਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਜਾਰੀ ਕੀਤੇ ਹੁਕਮਾਂ ਤਹਿਤ ਹੁਣ ਰੀਟਰੀਟ ਸੈਰੇਮਨੀ ਨੂੰ ਉਹੀ ਲੋਕ ਵੇਖ ਸਕਣਗੇ ਜੋ ਕਰੋਨਾ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲਗਵਾ ਚੁੱਕੇ ਹਨ। ਸੀਮਾ ਸੁਰੱਖਿਆ ਬਲ ਦੇ ਕਰਮਚਾਰੀਆਂ ਵੱਲੋਂ ਅਟਾਰੀ ਸਰਹੱਦ ਦੇ ਬਾਹਰ ਪੁੱਜਣ ਵਾਲੇ ਆਮ ਲੋਕਾਂ ਤੇ ਸੈਲਾਨੀਆਂ ਨੂੰ ਟੀਕਾਕਰਨ ਸਰਟੀਫਿਕੇਟ ਦੀ ਜਾਂਚ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰੇਕ ਵਿਅਕਤੀ ਦੇ ਸਰੀਰ ਦਾ ਤਾਪਮਾਨ ਵੀ ਚੈੱਕ ਕੀਤਾ ਜਾਏਗਾ। ਗੌਰਤਲਬ ਹੈ ਕਿ ਕੋਵਿਡ-19 ਦੀ ਤੀਜੀ ਲਹਿਰ ਦੇ ਸ਼ੁਰੂ ਹੋਣ ਨਾਲ 3 ਜਨਵਰੀ ਨੂੰ ਲੋਕਾਂ ਦਾ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਮੌਕੇ ਦਾਖ਼ਲਾ ਬੰਦ ਕਰ ਦਿੱਤਾ ਗਿਆ ਸੀ।