ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਸਤੰਬਰ
ਮੁੱਖ ਅੰਸ਼
- ਛੇ ਡਿਪਟੀ ਕਮਿਸ਼ਨਰ ਬਦਲਣ ਦੀ ਤਿਆਰੀ
ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਹੋਣਗੇ ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੜਾਅਵਾਰ ਪ੍ਰਸ਼ਾਸਕੀ ਫੇਰਬਦਲ ਸ਼ੁਰੂ ਕਰ ਦਿੱਤਾ ਹੈ। ਅੱਜ 1990 ਬੈਚ ਦੇ ਆਈ.ਏ.ਐਸ. ਅਧਿਕਾਰੀ ਅਨਿਰੁੱਧ ਤਿਵਾੜੀ ਨੇ ਵਿਨੀ ਮਹਾਜਨ ਦੀ ਥਾਂ ਨਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਦੋ ਦਿਨਾਂ ਤੋਂ ਰਵਨੀਤ ਕੌਰ ਨੂੰ ਮੁੱਖ ਸਕੱਤਰ ਬਣਾਏ ਜਾਣ ਦੀ ਚਰਚਾ ਚੱਲ ਰਹੀ ਸੀ। ਪੰਜਾਬ ਸਰਕਾਰ ਦਾ ਅਗਲਾ ਏਜੰਡਾ ਨਵਾਂ ਡੀਜੀਪੀ ਲਗਾਏ ਜਾਣ ਦਾ ਹੈ। ਪੰਜਾਬ ਦੇ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਵੀ ਪਹਿਲੇ ਪੜਾਅ ’ਚ ਕੀਤਾ ਜਾਣਾ ਹੈ। ਜਾਰੀ ਹੁਕਮਾਂ ਅਨੁਸਾਰ ਅਨਿਰੁੱਧ ਤਿਵਾੜੀ ਪ੍ਰਸੋਨਲ ਅਤੇ ਵਿਜੀਲੈਂਸ ਦੇ ਪ੍ਰਮੁੱਖ ਸਕੱਤਰ ਤੋਂ ਇਲਾਵਾ ਵਿਕਾਸ ਦੇ ਵਿੱਤ ਕਮਿਸ਼ਨਰ ਅਤੇ ਫੂਡ ਪ੍ਰੋਸੈਸਿੰਗ, ਬਾਗਬਾਨੀ, ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਹੋਣਗੇ। ਸ੍ਰੀ ਤਿਵਾੜੀ ਦਾ ਰਿਕਾਰਡ ਕਾਫ਼ੀ ਵਧੀਆ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਸਰਕਾਰ ਨੇ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਇੱਕ ਗੈਰ-ਰਸਮੀ ਮੀਟਿੰਗ ਵਿੱਚ ਪੰਜਾਬ ਆਈਏਐੱਸ ਆਫੀਸਰਜ਼ ਐਸੋਸੀਏਸ਼ਨ ਦੇ ਨਾਲ-ਨਾਲ ਹੋਰਨਾਂ ਸਿਵਲ ਅਤੇ ਪੁਲੀਸ ਅਧਿਕਾਰੀਆਂ ਨੇ ਵੀ ਨਵੇਂ ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਮੌਕੇ ਸਵਾਗਤ ਕੀਤਾ। ਪੰਜਾਬ ਸਰਕਾਰ ਵੱਲੋਂ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਵਰੁਣ ਰੂਜਮ ਨੂੰ ਤਾਇਨਾਤ ਕੀਤਾ ਗਿਆ ਹੈ ਜੋ 2004 ਬੈਚ ਦੇ ਅਧਿਕਾਰੀ ਹਨ ਅਤੇ ਇਸ ਮੌਕੇ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ। ਇਸੇ ਤਰ੍ਹਾਂ ਹੁਣ ਪੰਜਾਬ ਦੇ ਨਵੇਂ ਡੀਜੀਪੀ ਦੇ ਨਾਮ ਦਾ ਐਲਾਨ ਵੀ ਕਿਸੇ ਸਮੇਂ ਐਲਾਨੇ ਜਾਣ ਦੀ ਸੰਭਾਵਨਾ ਹੈ। ਡੀਜੀਪੀ ਲਈ ਵੀਕੇ ਭਾਵਰਾ, ਸਿਧਾਰਥ ਚਟੋਪਾਧਿਆਏ ਅਤੇ ਆਈਪੀਐੱਸ ਸਹੋਤਾ ਦਾ ਨਾਮ ਚਰਚਾ ਵਿੱਚ ਹੈ। ਸੂਤਰ ਇਸ ਦੌੜ ਵਿੱਚ ਚਟੋਪਾਧਿਆਏ ਦਾ ਨਾਮ ਅੱਗੇ ਦੱਸ ਰਹੇ ਹਨ। ਸੂਤਰਾਂ ਅਨੁਸਾਰ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ ਵਜੋਂ ਤਾਇਨਾਤ ਕੀਤਾ ਜਾ ਸਕਦਾ ਹੈ ਜੋ ਇਸ ਵੇਲੇ ਨਸ਼ਿਆਂ ਵਿਰੁੱਧ ਬਣੀ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਨ। ਦੂਜੇ ਪਾਸੇ ਅੱਜ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨਾਲ ਤਾਇਨਾਤ ਕਰੀਬ ਦਰਜਨ ਓ.ਐੱਸ.ਡੀਜ਼ ਅਤੇ ਸਲਾਹਕਾਰਾਂ ਦੀ ਛੁੱਟੀ ਕਰ ਦਿੱਤੀ ਹੈ ਜਿਨ੍ਹਾਂ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਹੁਕਮ ਦਿੱੱਤੇ ਗਏ ਹਨ। ਉਨ੍ਹਾਂ ਨਾਲ ਤਾਇਨਾਤ ਸਟਾਫ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ।
ਅਮਰਿੰਦਰ ਨੂੰ ਮਿਲੇਗੀ 19 ਦਿਨਾਂ ਦੀ ਤਨਖਾਹ
ਕੈਪਟਨ ਅਮਰਿੰਦਰ ਸਿੰਘ ਨੂੰ ਸਤੰਬਰ ਮਹੀਨੇ ’ਚ ਬਤੌਰ ਮੁੱਖ ਮੰਤਰੀ ਸਿਰਫ਼ 19 ਦਿਨਾਂ ਦੀ ਤਨਖਾਹ ਹੀ ਮਿਲੇਗੀ। ਮੁੱਖ ਮੰਤਰੀ ਨੂੰ ਪ੍ਰਤੀ ਮਹੀਨਾ 1.54 ਲੱਖ ਰੁਪਏ ਤਨਖਾਹ ਮਿਲਦੀ ਹੈ ਪਰ ਸਤੰਬਰ ਮਹੀਨੇ ਦੇ 19 ਦਿਨਾਂ ਦੀ ਤਨਖਾਹ ਵਜੋਂ ਅਮਰਿੰਦਰ ਸਿੰਘ ਨੂੰ ਕਰੀਬ 90 ਹਜ਼ਾਰ ਰੁਪਏ ਤਨਖਾਹ ਦੇ ਮਿਲਣਗੇ। ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਕੈਬਨਿਟ ਸ਼ਾਖਾ ਦੀ ਲੇਖਾ ਬਰਾਂਚ ਵੱਲੋਂ ਤਨਖਾਹ ਮਿਲਦੀ ਸੀ ਜਦੋਂ ਕਿ ਹੁਣ ਅਗਲੀ ਤਨਖਾਹ ਬਤੌਰ ਵਿਧਾਇਕ ਪੰਜਾਬ ਵਿਧਾਨ ਸਭਾ ਵੱਲੋਂ ਮਿਲਣਗੇ।
ਪਤਵਾਲੀਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
ਪੰਜਾਬ ਸਰਕਾਰ ਵੱਲੋਂ ਅੱਜ ਸੀਨੀਅਰ ਐਡਵੋਕੇਟ ਡੀ.ਐੱਸ.ਪਤਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਲਗਾ ਦਿੱਤਾ ਗਿਆ ਹੈ। ਅਤੁਲ ਨੰਦਾ ਵੱਲੋਂ ਅਸਤੀਫਾ ਦਿੱਤੇ ਜਾਣ ਮਗਰੋਂ ਇਹ ਅਹੁਦਾ ਖਾਲੀ ਹੋਇਆ ਸੀ।