ਪੱਤਰ ਪ੍ਰੇਰਕ
ਸ਼ੇਰਪੁਰ, 30 ਜਨਵਰੀ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਚੱਲ ਰਹੇ ਕਿਸਾਨ ਸੰਘਰਸ਼ ਦਾ ਸ਼ੁਰੂ ਤੋਂ ਹਿੱਸਾ ਰਿਹਾ ਪਿੰਡ ਈਨਾਬਾਜਵਾ ਦੇ ਨੌਜਵਾਨ ਕਿਸਾਨ ਰੇਸ਼ਮ ਸਿੰਘ ਦੀ ਲਾਸ਼ ਅੱਜ ਪਿੰਡ ਲਿਆਂਦੀ ਗਈ। ਪਿੰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੇਸ਼ਮ ਸਿੰਘ (38) ਪੁੱਤਰ ਭਾਨ ਸਿੰਘ ਪਿੰਡ ਈਨਾਬਾਜਵਾ ਦਾ ਛੋਟਾ ਕਿਸਾਨ ਸੀ, ਜਿਸ ਦੀ ਤਕਰੀਬਨ ਚਾਰ ਕਿੱਲੇ ਜ਼ਮੀਨ ਪਹਿਲਾਂ ਹੀ ਕਰਜ਼ੇ ਦੀ ਭੇਟ ਚੜ੍ਹ ਗਈ ਸੀ। ਬੀਕੇਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਭਾਵੇਂ ਅੱਜ ਸਵੇਰ ਸਮੇਂ ਪਿੰਡ ਲਿਆਂਦੀ ਗਈ ਹੈ ਪਰ ਹਾਲੇ ਉਸ ਦਾ ਸਸਕਾਰ ਨਹੀਂ ਕੀਤਾ ਗਿਆ। ਕਾਲਾਬੂਲਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ’ਚ ਸ਼ਹੀਦ ਹੋਏ ਰੇਸ਼ਮ ਸਿੰਘ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਕਰਜ਼ ਮੁਆਫ਼ੀ ਦੀ ਮੰਗ ਲੈ ਕੇ ਉਨ੍ਹਾਂ ਪ੍ਰਸ਼ਾਸਨ ਨੂੰ 31 ਜਨਵਰੀ ਸ਼ਾਮ ਤੱਕ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਪ੍ਰਸ਼ਾਸਨ ਨੇ ਮੰਗਾਂ ਨਾ ਮੰਨੀਆਂ ਤਾਂ 1 ਫਰਵਰੀ ਨੂੰ ਰੇਸ਼ਮ ਸਿੰਘ ਦੀ ਲਾਸ਼ ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ ਰੱਖ ਕੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਦੂਜੇ ਪਾਸੇ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਦਿੱਲੀ ਅੰਦੋਲਨ ਦੌਰਾਨ ਕਿਸਾਨ ਰੇਸ਼ਮ ਸਿੰਘ ਦੀ ਮੌਤ ਹੋਈ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮੁਆਵਜ਼ਾ ਜ਼ਰੂਰ ਮਿਲੇਗਾ।