ਬੀ.ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 9 ਮਾਰਚ
ਕਰੋਨਾ ਦੇ ਵੱਧ ਰਹੇ ਪ੍ਰਭਾਵ ਕਰਕੇ ਹੋਲੇ ਮਹੱਲੇ ਨੂੰ ਮਨਾਉਣ ਤੇ ਸੰਗਤਾਂ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਉਨ੍ਹਾਂ ਹੋਲੇ ਮਹੱਲੇ ਨੂੰ ਕੋਵਿਡ-19 ਕਰਕੇ ਪੁਖਤਾ ਸਿਹਤ ਸਹੂਲਤਾਂ ਦੇ ਨਾਲ ਮਨਾਉਣ ਦਾ ਫੈਸਲਾ ਲਿਆ ਤੇ ਸੰਗਤਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਵਿਸ਼ੇਸ਼ ਇੰਤਜ਼ਾਮ ਕਰਨ ਲਈ ਹੁਕਮ ਜਾਰੀ ਕੀਤੇ। ਇਥੇ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਹੋਲੇ ਮਹੱਲਾ ਕੀਰਤਪੁਰ ਸਾਹਿਬ ਵਿਚ 24 ਤੋਂ 26 ਮਾਰਚ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਚ 27 ਤੋਂ 29 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਸੰਗਤਾਂ ਦੀ ਭਾਰੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਵਿਸ਼ੇਸ਼ ਇੰਤਜਾਮ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਮੇਲਾ ਖੇਤਰ ਨੂੰ 11 ਸੈਕਟਰਾਂ ਵਿਚ ਵੰਡਿਆ ਜਾਵੇਗਾ। ਹਰ ਸੈਕਟਰ ਵਿਚ ਅਧਿਕਾਰੀ ਤਾਇਨਾਤ ਹੋਣਗੇ ਅਤੇ ਇੱਕ ਡਿਸਪੈਂਸਰੀ ਸਥਾਪਤ ਕੀਤੀ ਜਾਵੇਗੀ। ਜਿੱਥੇ 24 ਘੰਟੇ ਮੈਡੀਕਲ ਟੀਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆਂ ਕਿ ਮੋਬਾਈਲ, ਕੋਵਿਡ ਟੈਸਟਿੰਗ ਟੀਮਾਂ ਵਲੋਂ ਹੋਟਲਾਂ ਅਤੇ ਟੈਂਟ ਸਿਟੀ ਵਿਚ ਠਹਿਰੇ ਲੋਕਾਂ ਦੇ ਆਰ.ਟੀ.ਪੀ.ਸੀ.ਆਰ ਕੋਵਿਡ ਟੈਸਟ ਕੀਤੇ ਜਾਣਗੇ ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।